ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਉਣ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦਾ ਜਥਾ ਤਾਂ ਪਰਤ ਆਇਆ ਹੈ ਪਰ ਜਥੇ ਵਿੱਚ ਸ਼ਾਮਲ ਔਰਤ ਵਾਪਸ ਨਹੀਂ ਆਈ ਹੈ। ਉਸ ਬਾਰੇ ਜਾਣਕਾਰੀ ਮਿਲੀ ਹੈ ਕਿ ਉਸ ਨੇ ਉੱਥੇ ਮੁਸਲਿਮ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਹੈ ਅਤੇ ਧਰਮ ਵੀ ਤਬਦੀਲ ਕਰ ਲਿਆ ਹੈ।
ਇਸ ਔਰਤ ਦੀ ਸ਼ਨਾਖ਼ਤ ਸਰਬਜੀਤ ਕੌਰ ਵਾਸੀ ਪਿੰਡ ਅਮਾਨੀਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਉਸ ਪੇਕਾ ਪਿੰਡ ਛਾਪਿਆਂ ਵਾਲੀ ਜ਼ਿਲ੍ਹਾ ਮੁਕਤਸਰ ਦੱਸਿਆ ਗਿਆ ਹੈ। ਉਸ ਦੇ ਪਾਸਪੋਰਟ ’ਚ ਵੀ ਇਹੀ ਪਤਾ
ਦਿੱਤਾ ਹੈ।
ਕਰੀਬ 1900 ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜਥਾ ਚਾਰ ਨਵੰਬਰ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਵਾਸਤੇ ਗਿਆ ਸੀ। ਸ਼ਰਧਾਲੂਆਂ ਨੇ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਗੁਰਪੁਰਬ ਮਨਾਇਆ ਸੀ। ਸਿੱਖ ਸ਼ਰਧਾਲੂਆਂ ਦਾ ਜਥਾ ਕੱਲ੍ਹ ਪਰਤ ਆਇਆ ਪਰ ਦੇਰ ਸ਼ਾਮ ਵੇਲੇ ਆਈ ਸੀ ਪੀ ਅਟਾਰੀ ਵਿੱਚ ਲੇਖਾ-ਜੋਖਾ ਕਰਨ ਤੋਂ ਬਾਅਦ ਪਤਾ ਲੱਗਾ ਕਿ ਜਥੇ ਵਿੱਚ ਸ਼ਾਮਲ ਔਰਤ ਸ਼ਰਧਾਲੂ ਵਾਪਸ ਨਹੀਂ ਆਈ ਹੈ। ਸੁਰੱਖਿਆ ਏਜੰਸੀਆਂ ਤੇ ਕੇਂਦਰ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ। ਵੇਰਵਿਆਂ ਮੁਤਾਬਕ ਇਹ ਔਰਤ ਸ਼੍ੋਮਣੀ ਕਮੇਟੀ ਦੇ ਜਥੇ ਵਿੱਚ ਪਾਕਿਸਤਾਨ ਗਈ ਸੀ। ਉਹ ਗੁਰਦੁਆਰਾ ਨਨਕਾਣਾ ਸਾਹਿਬ ਪੁੱਜਣ ਦੇ ਅਗਲੇ ਹੀ ਦਿਨ ਉਥੋਂ ਗਾਇਬ ਹੋ ਗਈ। ਉਹ ਪਾਕਿਸਤਾਨ ਦੇ ਸ਼ੇਖੂਪੁਰਾ ਦੇ ਨੇੜੇ ਪਿੰਡ ਪਿੰਡੀ ਦਾਸ ਦੇ ਨਾਜ਼ਰ ਹੁਸੈਨ ਨਾਲ ਦੋ ਸਾਲ ਤੋਂ ਸੰਪਰਕ ’ਚ ਸੀ ਤੇ ਗੁਰਦੁਆਰਾ ਕਰਤਾਰਪੁਰ ਲਾਂਘੇ ਰਾਹੀਂ ਉਸ ਨੂੰ ਮਿਲ ਕੇ ਵੀ ਆਈ ਸੀ।
ਸੂਤਰਾਂ ਮੁਤਾਬਕ ਉਸ ਨੇ ਮੁਸਲਿਮ ਨਾਗਰਿਕ ਨਾਲ ਨਿਕਾਹ ਕਰ ਕੇ ਧਰਮ ਤਬਦੀਲ ਕਰ ਲਿਆ ਹੈ। ਉਸ ਦਾ ਨਵਾਂ ਨਾਮ ਨੂਰ ਹੁਸੈਨ ਦੱਸਿਆ ਗਿਆ ਹੈ। ਫ਼ਿਲਹਾਲ ਇਹ ਦੋਵੇਂ ਫ਼ਰਾਰ ਹਨ। ਪਾਕਿਸਤਾਨੀ ਪੁਲੀਸ ਵੀ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਉਸ ਔਰਤ ਦੇ ਆਪਣੇ ਪਤੀ ਨਾਲ ਸਬੰਧ ਠੀਕ ਨਹੀਂ ਸਨ। ਉਸ ਦਾ ਪਤੀ ਵਿਦੇਸ਼ ਵਿੱਚ ਹੈ। ਔਰਤ ਦੀ ਉਮਰ ਕਰੀਬ 48 ਸਾਲ ਹੈ ਤੇ ਉਸ ਦੇ ਬੱਚੇ ਵੀ ਹਨ।
ਸ਼੍ੋਮਣੀ ਕਮੇਟੀ ਦੇ ਅਧਿਕਾਰੀ ਨੇ ਆਖਿਆ ਕਿ ਸਿੱਖ ਸੰਸਥਾ ਵੱਲੋਂ ਆਪਣੇ ਤੌਰ ’ਤੇ ਅਜਿਹੀਆਂ ਘਟਨਾਵਾਂ ਰੋਕਣ ਲਈ ਯਤਨ ਕੀਤੇ ਜਾਂਦੇ ਹਨ। ਇਸ ਸਬੰਧ ਵਿੱਚ ਜਥੇ ਨਾਲ ਜਾਣ ਵਾਲੇ ਸ਼ਰਧਾਲੂ ਦੀ ਸ਼੍ੋਮਣੀ ਕਮੇਟੀ ਮੈਂਬਰ ਰਾਹੀਂ ਸਿਫ਼ਾਰਸ਼ ਲਾਜ਼ਮੀ ਕੀਤੀ ਹੋਈ ਹੈ।
ਦੂਜੇ ਪਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਔਰਤ ਦੀ ਭਾਲ ਕਰਵਾਉਣ ਅਤੇ ਉਸ ਨੂੰ ਭਾਰਤ ਵਾਪਸ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ।

