ਪਿੰਡ ਮਾਹੋਰਾਣਾ ਵਿੱਚ ਦਰੱਖਤ ਡਿੱਗਣ ਕਾਰਨ ਔਰਤ ਦੀ ਮੌਤ
ਨਵਦੀਪ ਜੈਦਕਾ
ਅਮਰਗੜ੍ਹ, 14 ਜੁਲਾਈ
ਇੱਥੋਂ ਨੇੜਲੇ ਪਿੰਡ ਮਾਹੋਰਾਣਾ ਦੀ ਨਰਸਰੀ ਵਿੱਚ ਅੱਜ ਸਵੇਰੇ ਮੀਂਹ ਪੈਣ ਕਾਰਨ ਦਰੱਖ਼ਤ ਡਿੱਗ ਗਿਆ ਅਤੇ ਇਸ ਦੀ ਲਪੇਟ ’ਚ ਤਿੰਨ ਮਜ਼ਦੂਰ ਔਰਤਾਂ ਆ ਗਈਆਂ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਈ ਬਿਰਧ ਗੁਰਮੇਲ ਕੌਰ ਦੀ ਮੌਤ ਹੋ ਗਈ ਜਦੋਂ ਕਿ ਜਸਵੀਰ ਕੌਰ ਤੇ ਕੁਲਦੀਪ ਕੌਰ ਦੀ ਹਾਲਤ ਨਾਜ਼ੁਕ ਹੈ।
ਜਾਣਕਾਰੀ ਅਨੁਸਾਰ ਅੱਜ ਜਦੋਂ ਮਜ਼ਦੂਰ ਔਰਤਾਂ ਆਪਣਾ ਕੰਮ ਕਰ ਰਹੀਆਂ ਸਨ ਅਤੇ ਅਚਾਨਕ ਮੀਂਹ ਸ਼ੁਰੂ ਹੋਣ ਕਾਰਨ ਉਹ ਸ਼ੈੱਡ ਹੇਠ ਜਾ ਰਹੀਆਂ ਸਨ। ਇਸ ਦੌਰਾਨ ਪਾਪੂਲਰ ਦਾ ਦਰੱਖ਼ਤ ਉਨ੍ਹਾਂ ਦੇ ਉੱਪਰ ਡਿੱਗ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਤਿੰਨਾਂ ਔਰਤਾਂ ਨੂੰ ਜ਼ਖ਼ਮੀ ਹਾਲਤ ਵਿੱਚ ਮਾਲੇਰਕੋਟਲਾ ਦੇ ਹਸਪਤਾਲ ਵਿੱਚ ਪਹੁੰਚਾਇਆ। ਇੱਥੋਂ ਮੁੱਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਜਿੱਥੇ ਗੁਰਮੇਲ ਕੌਰ ਦੀ ਮੌਤ ਹੋ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਇੰਚਾਰਜ ਚਰਨਜੀਤ ਸਿੰਘ ਹਿਮਾਉਪੁਰਾ, ਅਮਰਜੀਤ ਸਿੰਘ ਹਿਮਾਉਪੁਰਾ, ਸਿੰਦਰ ਸਿੰਘ, ਗੁਰਪ੍ਰੀਤ ਸਿੰਘ ਸੰਗਰੂਰ, ਹਰਜਿੰਦਰ ਸਿੰਘ ਕਾਲਾ ਬਨਭੌਰਾ ਅਤੇ ਤੋਲੇਵਾਲ ਪਿੰਡ ਦੇ ਸਾਬਕਾ ਸਰਪੰਚ ਬੇਅੰਤ ਸਿੰਘ ਸਣੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕੀਤੀ।