‘ਆਪ ਸਰਕਾਰ’ ਦੀ ਬਦਲਾਖੋ਼ਰੀ ਖ਼ਿਲਾਫ਼ ਰਾਜਪਾਲ ਨੂੰ ਮਿਲਾਂਗੇ: ਚੀਮਾ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ’ਤੇ ਸਿਆਸੀ ਬਦਲਾਖੋ਼ਰੀ ਦਾ ਦੋਸ਼ ਲਾਉਂਦਿਆਂ ਇਸ ਸਬੰਧੀ ਰਾਜਪਾਲ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਤੋਂ ਸਮਾਂ ਮੰਗਿਆ ਗਿਆ ਹੈ।
ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਵੱਲੋਂ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ’ਤੇ ਮਾਰੇ ਗਏ ਛਾਪੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਛਾਪੇ ਦੌਰਾਨ ਵਿਜੀਲੈਂਸ ਟੀਮ ਦੇ ਕੰਮ ’ਚ ਰੁਕਾਵਟ ਪਾਉਣ ਦੇ ਨਾਂ ’ਤੇ ਮਜੀਠੀਆ ਖਿਲਾਫ਼ ਨਵਾਂ ਕੇਸ ਦਰਜ ਕੀਤਾ ਹੈ, ਜਿਸ ਦੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਛਾਪੇ ਦੀ ਸਾਰੀ ਕਾਰਵਾਈ ਲਾਈਵ ਚੱਲ ਰਹੀ ਸੀ, ਜਿਸ ਤੋਂ ਸਪੱਸ਼ਟ ਹੈ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਮਜੀਠੀਆ ਨਾਲ ਵਧੀਕੀ ਕੀਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਟੀਮ ਨੂੰ ਕਿਸੇ ਵੀ ਤਰੀਕੇ ਆਪਣਾ ਕੰਮ ਕਰਨ ਤੋਂ ਨਹੀਂ ਰੋਕਿਆ ਗਿਆ।
ਪੰਜਾਬ ਸਰਕਾਰ ’ਤੇ ਇਲਜ਼ਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਨਵਾਂ ਕੇਸ ਮਜੀਠੀਆ ਪਰਿਵਾਰ ’ਤੇ ਦਬਾਅ ਬਣਾਉਣ ਲਈ ਦਰਜ ਕੀਤਾ ਗਿਆ ਹੈ ਕਿਉਂਕਿ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਹੈ ਕਿ ਵਿਜੀਲੈਂਸ ਦੀ ਟੀਮ ਬਿਨਾਂ ਕਿਸੇ ਤਲਾਸ਼ੀ ਵਾਰੰਟ ਦੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਈ ਜਦਕਿ ਉਹ ਖੁਦ ਅੰਮ੍ਰਿਤਸਰ ਵਿੱਚ ਸਨ। ਉਨ੍ਹਾਂ ਕਿਹਾ ਕਿ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਬਿਕਰਮ ਸਿੰਘ ਮਜੀਠੀਆ ਨਾਲ ਚੱਟਾਨ ਵਾਂਗ ਖੜ੍ਹਿਆ ਹੈ।