ਧੁੱਸੀ ਬੰਨ੍ਹ ਦੇ ਨਿਰਮਾਣ ਲਈ ਨਵੀਂ ਯੋਜਨਾ ਬਣਾਵਾਂਗੇ: ਅਰੋੜਾ
ਰਾਜਨ ਮਾਨ/ਸੁਖਦੇਵ ਸਿੰਘ
ਅੱਜ ਕੈਬਨਿਟ ਮੰਤਰੀ ਅਤੇ ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਰਮਦਾਸ ਹਲਕੇ ਵਿੱਚ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਟਰੈਕਟਰ ’ਤੇ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਘੋਨੇਵਾਲ ਪੁੱਜੇ। ਹਲਕਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ ਅਤੇ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਦੀ ਮੰਗ ’ਤੇ ਇਹ ਵੀ ਕਿਹਾ ਕਿ ਹੜ੍ਹਾਂ ਤੋਂ ਬਾਅਦ ਧੁੱਸੀ ਨੂੰ ਬੰਨ੍ਹਣ ਮੌਕੇ ਵਿਭਾਗ ਦੇ ਅਧਿਕਾਰੀ ਸਥਾਨਕ ਵਾਸੀਆਂ ਨਾਲ ਮਸ਼ਵਰਾ ਕਰ ਕੇ ਅਜਿਹੀ ਯੋਜਨਾ ਬਣਾਉਣਗੇ ਤਾਂ ਜੋ ਭਵਿੱਖ ਵਿੱਚ ਇਹ ਪਾਣੀ ਲੋਕਾਂ ਲਈ ਮੁਸੀਬਤ ਨਾ ਬਣੇ।
ਉਨ੍ਹਾਂ ਕਿਹਾ ਕਿ ਇੱਕ ਅੰਦਾਜ਼ੇ ਅਨੁਸਾਰ ਹੁਣ ਤੱਕ 30 ਹਜ਼ਾਰ ਏਕੜ ਦੇ ਕਰੀਬ ਫ਼ਸਲ ਨੁਕਸਾਨੀ ਗਈ ਹੈ ਅਤੇ ਸੈਂਕੜੇ ਘਰ ਅਤੇ ਮਸ਼ੀਨਰੀ ਤਬਾਹ ਹੋਈ ਹੈ। ਇਸੇ ਦੌਰਾਨ ਮੁੱਖ ਸਕੱਤਰ ਪੰਜਾਬ ਕੇਏਪੀ ਸਿਨਹਾ ਨੇ ਪਿੰਡ ਚਮਿਆਰੀ ਵਿੱਚ ਬਣਾਏ ਰਾਹਤ ਕੇਂਦਰ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਥਿਤੀ ਆਮ ਵਾਂਗ ਹੋਣ ’ਤੇ ਮੁਆਵਜ਼ੇ ਲਈ ਵਿਸ਼ੇਸ਼ ਗਿਰਦਾਵਰੀ ਕਰ ਕੇ ਹਰ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਮੁੱਖ ਸਕੱਤਰ ਵੱਲੋਂ ਅਧਿਕਾਰੀਆਂ ਨੂੰ ਕੰਮ ’ਚ ਤੇਜ਼ੀ ਲਿਆਉਣ ਦੇ ਆਦੇਸ਼
ਪਠਾਨਕੋਟ/ਕਪੂਰਥਲਾ/ਤਲਵਾੜਾ/(ਐਨਪੀ.ਧਵਨ/ਜਸਬੀਰ ਸਿੰਘ ਚਾਨਾ/ਦੀਪਕ ਠਾਕੁਰ): ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਤੇ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਬਮਿਆਲ ਅਤੇ ਨਰੋਟ ਜੈਮਲ ਸਿੰਘ ਵਿੱਚ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਕਥਲੌਰ ਪੁਲ, ਕੋਹਲੀਆਂ ਵਿੱਚ ਰਾਵੀ ਦਰਿਆ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਉਥੇ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਜੰਗੀ ਪੱਧਰ ’ਤੇ ਕਰਨ ਦੇ ਆਦੇਸ਼ ਦਿੱਤੇ। ਸ੍ਰੀ ਸਿਨਹਾ ਨੇ ਕਪੂਰਥਲਾ ਦੇ ਪਿੰਡ ਬਾਊਪੁਰ ਅਤੇ ਸਾਂਗਰਾ ਦੇ ਵਾਸੀਆਂ ਨਾਲ ਗੱਲਬਾਤ ਕੀਤੀ। ਮਗਰੋਂ ਉਨ੍ਹਾਂ ਪੌਂਗ ਡੈਮ ਅਤੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ।
ਚੀਫ਼ ਸਕੱਤਰ ਵੱਲੋਂ ਕਿਸਾਨਾਂ ਨੂੰ ਮਿਲਣ ਤੋਂ ਨਾਂਹ
ਚੇਤਨਪੁਰਾ (ਰਣਵੀਰ ਸਿੰਘ ਮਿੰਟੂ): ਪਿੰਡ ਮਾਕੋਵਾਲ ਦੇ ਹਿਮਾਲਿਆ ਪਬਲਿਕ ਸਕੂਲ ਵਿੱਚ ਪਹੁੰਚੇ ਚੀਫ ਸਕੱਤਰ ਪੰਜਾਬ ਕੇਏਪੀ ਸਿਨਹਾ ਨੂੰ ਆਪਣੀਆਂ ਮੁਸ਼ਕਲਾਂ ਦੱਸਣ ਆਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਤੇ ਮੀਤ ਪ੍ਰਧਾਨ ਅਵਤਾਰ ਸਿੰਘ ਜੱਸੜ ਦੀ ਅਗਵਾਈ ਹੇਠ ਪਹੁੰਚੇ ਕਿਸਾਨਾਂ ਨੂੰ ਸਿਨਹਾ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਸਣੇ ਹੋਰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਗਰੋਂ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਉੱਚ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਤਿੰਨ ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ। ਰਿਹਾਈ ਮਗਰੋਂ ਕਿਸਾਨ ਆਗੂਆਂ ਨੇ ਕਿਹਾ ਕਿ ਰਾਹਤ ਕਾਰਜ ਸਿਰਫ਼ ਫੋਟੋਆਂ ਖਿਚਵਾਉਣ ਤੱਕ ਸੀਮਤ ਹਨ।