ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੂਜੇ ਦਿਨ ਬੰਗਲੂਰੂ ਵਿੱਚ ਉੱਘੇ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਲਦ ਹੀ ਉਦਯੋਗਿਕ ਨੀਤੀ ਲਿਆਂਦੀ ਜਾਵੇਗੀ, ਜੋ ਉਦਯੋਗਾਂ ਦੇ ਮਾਲਕਾਂ ਦੀ ਸਲਾਹ ਨਾਲ ਤਿਆਰ ਕੀਤੀ ਗਈ ਹੈ। ਉਦਯੋਗਿਕ ਨੀਤੀ ਬਣਾਉਣ ਲਈ 24 ਸੈਕਟਰਲ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਪੰਜਾਬ ਨੂੰ ਅਥਾਹ ਸੰਭਵਾਨਾਵਾਂ ਦੀ ਧਰਤੀ ਵਜੋਂ ਪੇਸ਼ ਕਰਦਿਆਂ ਨਾਮੀ ਕੰਪਨੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦੇਸ਼ ਦੇ ਉਦਯੋਗਿਕ ਕੇਂਦਰ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਉਨ੍ਹਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਨੂੰ ਫੈਲਾਉਣ ਲਈ ਸੂਬੇ ਦੇ ਮਜ਼ਬੂਤ ਬੁਨਿਆਦੀ ਢਾਂਚੇ, ਨਿਰਵਿਘਨ ਬਿਜਲੀ, ਹੁਨਰਮੰਦ ਮਨੁੱਖੀ ਸ਼ਕਤੀ ਅਤੇ ਸਾਜ਼ਗਾਰ ਉਦਯੋਗਿਕ ਅਤੇ ਕੰਮਕਾਜੀ ਮਾਹੌਲ ਦਾ ਵੱਧ ਤੋਂ ਵੱਧ ਲਾਹਾ ਲੈਣ।
ਸੰਜੀਵ ਅਰੋੜਾ ਵੱਲੋਂ ਮਜ਼ਬੂਤ ਢਾਂਚੇ ਦਾ ਖਾਕਾ ਪੇਸ਼
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਬੰਗਲੂਰੂ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰਮੁੱਖ ਉਦਯੋਗਪਤੀਆਂ ਨਾਲ ਉਨ੍ਹਾਂ ਦੀਆਂ ਨਿਵੇਸ਼ ਤਰਜੀਹਾਂ ਜਾਣਨ ਲਈ ਵਨ-ਟੂ-ਵਨ ਅਤੇ ਗਰੁੱਪ ਚਰਚਾ ਕੀਤੀ। ਉਨ੍ਹਾਂ ਉਦਯੋਗਪਤੀਆਂ ਅੱਗੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ ਤੇ ਪ੍ਰਗਤੀਸ਼ੀਲ ਨੀਤੀਆਂ ਦਾ ਖਾਕਾ ਪੇਸ਼ ਕੀਤਾ। ਸ੍ਰੀ ਅਰੋੜਾ ਨੇ ਉਦਯੋਗਿਕ ਆਗੂਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਰਸਮੀ ਸੱਦਾ ਦਿੱਤਾ।