DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੰਧ ਦਾ ਰੋਕਿਆ ਪਾਣੀ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਨੂੰ ਦੇਵਾਂਗੇ: ਚੌਹਾਨ

ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੀ ਤਰੱਕੀ ਲਈ ਵਿਗਿਆਨੀਆਂ ਨਾਲ ਮਿਲ ਕੇ ਕੰਮ ਕਰਨ ਦਾ ਦਿੱਤਾ ਭਰੋਸਾ
  • fb
  • twitter
  • whatsapp
  • whatsapp
featured-img featured-img
ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਟਰੈਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਵਾਉਂਦੇ ਹੋਏ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 5 ਜੂਨ

Advertisement

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਵੱਲੋਂ ਪਾਕਿਸਤਾਨ ਨਾਲ ਸਿੰਧ ਜਲ ਸੰਧੀ ਖ਼ਤਮ ਕਰਕੇ ਦੇਸ਼ ਦੇ ਦਰਿਆਵਾਂ ਦਾ ਪਾਣੀ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨੂੰ ਦੇਣ ਲਈ ਠੋਸ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿਸਾਨਾਂ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਕੇਂਦਰ ਸਰਕਾਰ ‘ਇੱਕ ਦੇਸ਼, ਇੱਕ ਖੇਤੀ, ਇੱਕ ਟੀਮ’ ਬਣਾ ਕੇ ਪੰਜਾਬ ਸਰਕਾਰ ਅਤੇ ਅਗਾਂਹਵਧੂ ਕਿਸਾਨਾਂ ਸਣੇ ਖੇਤੀਬਾੜੀ ਯੂਨੀਵਰਸਿਟੀ ਤੇ ਵਿਗਿਆਨੀਆਂ ਨਾਲ ਮਿਲ ਕੇ ਕੰਮ ਕਰੇਗੀ।

ਉਨ੍ਹਾਂ ਨੇ ਇਹ ਗੱਲਾਂ ਅੱਜ ‘ਵਿਕਸਿਤ ਕ੍ਰਿਸ਼ੀ ਸੰਕਲਪ’ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਆਖੀਆਂ। ਇਸ ਤੋਂ ਪਹਿਲਾਂ ਉਨ੍ਹਾਂ ਘਨੌਰ ਹਲਕੇ ਦੇ ਪਿੰਡ ਖੇੜੀ ਗੰਡਿਆਂ ਵਿੱਚ ਤੇ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਵਿੱਚ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਮੰਤਰੀ ਸਾਹਮਣੇ ਸੂਬੇ ਦੇ ਕਿਸਾਨਾਂ ਅਤੇ ਖੇਤੀਬਾੜੀ ਨਾਲ ਸਬੰਧਤ ਮੰਗਾਂ ਜ਼ੋਰਦਾਰ ਢੰਗ ਨਾਲ ਉਠਾਈਆਂ। ਇਸ ’ਤੇ ਚੌਹਾਨ ਨੇ ਮੰਤਰੀ ਨੂੰ ਦਿੱਲੀ ਆ ਕੇ ਮੀਟਿੰਗ ਕਰਨ ਦਾ ਸੱਦਾ ਦਿੱਤਾ ਤਾਂ ਕਿਸਾਨਾਂ ਦੀ ਤਰੱਕੀ ਲਈ ਸਾਂਝਾ ਹੰਭਲਾ ਮਾਰਿਆ ਜਾ ਸਕੇ। ਕੇਂਦਰੀ ਮੰਤਰੀ ਨੇ ਕਿਹਾ, ‘‘ਕਿਸਾਨਾਂ ਦੀ ਤਰੱਕੀ ਬਿਨਾਂ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ।’’ ਚੌਹਾਨ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਦੀ ਅਪੀਲ ਕੀਤੀ ਅਤੇ ਖ਼ੁਦ ਟਰੈਕਟਰ ਚਲਾ ਕੇ ਸੰਕੇਤਕ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ। ਦੇਸ਼ ਦੇ ਅੰਨ ਭੰਡਾਰ ’ਚ ਯੋਗਦਾਨ ਲਈ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਚੌਹਾਨ ਨੇ ਕਿਹਾ, ‘‘ਪੰਜਾਬ ਸਦਕਾ ਹੀ ਅੱਜ ਦੇਸ਼ ’ਚ ਕਣਕ, ਚਾਵਲ, ਮੱਕੀ, ਸੋਇਆਬੀਨ ਦੇ ਉਤਪਾਦਨ ਨੇ ਰਿਕਾਰਡ ਤੋੜੇ ਹਨ ਅਤੇ ਹੁਣ ਦਾਲਾਂ ਤੇ ਤੇਲ ਬੀਜਾਂ ਦੀ ਕਮੀ ਵੀ ਪੰਜਾਬ ਦੇ ਕਿਸਾਨਾਂ ਦੀ ਮਦਦ ਨਾਲ ਪੂਰੀ ਕੀਤੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਖੇਤੀ ਲਾਗਤਾਂ ਘਟਾਉਣ ਤੇ ਉਤਪਾਦਨ ਅਤੇ ਮੁਨਾਫ਼ਾ ਵਧਾਉਣ ਲਈ ਕਦਮ ਉਠਾਏ ਜਾਣਗੇ। ਇਸ ਦੌਰਾਨ ਕਿਸਾਨਾਂ ਨੇ ਪਰਾਲੀ ਦਾ ਬਿਨਾਂ ਸਾੜੇ ਹੱਲ ਕਰਨ, ਫ਼ਸਲੀ ਵਿਭਿੰਨਤਾ ਦੀਆਂ ਮੁਸ਼ਕਲਾਂ, ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ, ਡੇਅਰੀ ਧੰਦੇ ਤੇ ਖੇਤੀਬਾੜੀ ਦੀਆਂ ਹੋਰ ਮੁਸ਼ਕਲਾਂ ਸਣੇ ਆਪਣੀ ਸਫ਼ਲ ਖੇਤੀ ਦੇ ਤਜਰਬੇ ਕੇਂਦਰੀ ਮੰਤਰੀ ਨਾਲ ਸਾਂਝੇ ਕੀਤੇ।

ਇਸ ਮੌਕੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੇ ਯਤਨਾਂ ਤੋਂ ਜਾਣੂ ਕਰਵਾਉਂਦਿਆਂ ਕੇਂਦਰ ਸਰਕਾਰ ਦੇ ਉਪਰਾਲੇ ਲਾਜ਼ਮੀ ਕਰਾਰ ਦਿੱਤੇ ਤੇ ਕਿਹਾ ਕਿ ਕੇਂਦਰ ਸਰਕਾਰ ਵੀ ਸੂਬੇ ਦੇ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਆਵੇ। ਉਨ੍ਹਾਂ ਪਰਾਲੀ ਨੂੰ ਅੱਗ ਲੱਗਣੋਂ ਰੋਕਣ ਲਈ ਕਿਸਾਨਾਂ ਦੀ ਮਦਦ ਲਈ ਖੁੱਲ੍ਹਾ ਦਿਲ ਦਿਖਾਉਣ, ਡੀਏਪੀ ਖਾਦ ਦੀ ਕਿੱਲਤ ਦੂਰ ਕਰਨ, ਝੋਨੇ ਦੀ ਥਾਂ ਮੱਕੀ, ਦਾਲਾਂ ਤੇ ਤੇਲ ਬੀਜਾਂ ਹੇਠ ਰਕਬਾ ਵਧਾਉਣ ਲਈ ਕੇਂਦਰੀ ਸਹਾਇਤਾ ਵੀ ਮੰਗੀ। ਇਸ ਦੌਰਾਨ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ ਨੇ ਮੰਤਰੀ ਨੂੰ ਘਨੌਰ ਹਲਕੇ ਦੇ ਕਿਸਾਨਾਂ ਤੇ ਹੋਰ ਵਰਗਾਂ ਦੀਆਂ ਸਮੱਸਿਆਵਾਂ ਦੱਸੀਆਂ।

‘ਕਿਸਾਨਾਂ ਨੂੰ ਜੈਵਿਕ ਖਾਦਾਂ ਦੀ ਵਰਤੋਂ ਲਈ ਪ੍ਰੇਰਾਂਗੇ’

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਵਿਸ਼ਵ ਵਾਤਾਵਰਨ ਦਿਵਸ ਮੌਕੇ ਪਟਿਆਲਾ ਫਾਊਂਡੇਸ਼ਨ ਦੇ ਸੀਈਓ ਰਵੀ ਸਿੰਘ ਆਹਲੂਵਾਲੀਆ ਨੇ ਪਟਿਆਲਾ ਕੈਂਪਸ ’ਚ ਸਮਾਗਮ ਮੌਕੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਫਾਊਂਡੇਸ਼ਨ ਦੀਆਂ ਵਾਤਾਵਰਨ ਸਬੰਧੀ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਚੌਹਾਨ ਨੇ ਕਿਹਾ ਕਿ ‘ਕੇਂਦਰ ਸਰਕਾਰ ਵੱਲੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਰਾਜਾਂ ਦੇ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਕਿਸਾਨਾਂ ਨੂੰ ਜੈਵਿਕ ਖਾਦਾਂ ਵੱਲ ਪ੍ਰੇਰਨ ਦੀ ਯੋਜਨਾ ਹੈ, ਤਾਂ ਕਿ ਭਾਰਤ ਵਿਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਪ੍ਰਦੂਸ਼ਣ ਵਿਚ ਕਮੀ ਆ ਸਕੇ। ਆਹਲੂਵਾਲੀਆ ਨੇ ਮੰਤਰੀ ਨੂੰ ਪਟਿਆਲਾ ਫਾਊਂਡੇਸ਼ਨ ਦੇ ਸਵੱਛਤਾ ਸਬੰਧੀ ‘ਪ੍ਰਾਜੈਕਟ ਪ੍ਰਿਥਵੀ’ ਤੇ ਪਿੰਡ ਰਣਬੀਰਪੁਰਾ ਲੱਗਣ ਵਾਲੇ ‘ਸਾਫ਼ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਪ੍ਰਜੈਕਟ’ ਬਾਰੇ ਵੀ ਜਾਣਕਾਰੀ ਦਿੱਤੀ।

 ਕੇਂਦਰੀ ਮੰਤਰੀ ਵਲੋਂ ਲੈਂਡਫੋਰਸ ਦਸ਼ਮੇਸ਼ ਮਕੈਨੀਕਲ ਵਰਕਸ ਦਾ ਦੌਰਾ

ਅਮਰਗੜ੍ਹ (ਨਵਦੀਪ ਜੈਦਕਾ): ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੈਂਡਫੋਰਸ ਦਸ਼ਮੇਸ਼ ਮਕੈਨੀਕਲ ਪਲਾਂਟ ਦਾ ਦੌਰਾ ਕੀਤਾ। ਇਸ ਮੌਕੇ ਲੈਂਡਫੋਰਸ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸਵਰਨਜੀਤ ਸਿੰਘ, ਮਲਕੀਤ ਸਿੰਘ ਅਤੇ ਸਰਬਜੀਤ ਸਿੰਘ ਡਾਇਰੈਕਟਰ ਲੈਂਡਫੋਰਸ ਉਪ ਚੇਅਰਮੈਨ ਏਐੱਮਐੱਮਏ ਇੰਡੀਆ ਨੇ ਉਨ੍ਹਾਂ ਨਾਲ ਪੰਜਾਬ ਦੇ ਖੇਤੀ ਮਸ਼ੀਨੀਕਰਨ ’ਚ ਨਵੀਆਂ ਤਕਨੀਕਾਂ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਛੋਟੇ ਕਿਸਾਨਾਂ ਵਾਸਤੇ ਮਸ਼ੀਨਾਂ ਬਣਾਉਣ ਬਾਰੇ ਵੀ ਚਰਚਾ ਕੀਤੀ।

‘ਕਿਸਾਨਾਂ ਲਈ ਕੇਂਦਰ ਸਰਕਾਰ ਦੇ ਦਰ ਹਮੇਸ਼ਾ ਖੁੱਲ੍ਹੇ’

ਪਟਿਆਲਾ (ਖੇਤਰੀ ਪ੍ਰਤੀਨਿਧ): ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਖਿਆ ਕਿ ਮਸਲਿਆਂ ਦੇ ਹੱਲ ਵਾਸਤੇ ਕਿਸਾਨਾਂ ਲਈ ਕੇਂਦਰ ਸਰਕਾਰ ਦੇ ਦਰ ਹਮੇਸ਼ਾ ਖੁੱਲ੍ਹੇ ਹਨ ਤੇ ਉਹ ਹਰ ਸਮੇਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮੀਟਿੰਗਾਂ ’ਚੋਂ ਪੰਜਾਬ ਸਰਕਾਰ ਨੂੰ ਬਾਹਰ ਰੱਖਣ ਦੀ ਕੀਤੀ ਜਾ ਰਹੀ ਗੱਲ ਦੇਸ਼ ਦੇ ਸੰਘੀ ਢਾਂਚੇ ਦੇ ਤਹਿਤ ਸੰਭਵ ਨਹੀਂ ਹੈ।

Advertisement
×