ਕਾਂਗਰਸ ਦੀ ਸਰਕਾਰ ਬਣਨ ’ਤੇ ਲੈਂਡ ਪੂਲਿੰਗ ਨੀਤੀ ਰੱਦ ਕਰਾਂਗੇ: ਚੰਨੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਜੁਲਾਈ
ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣ ਦੀ ਮੰਗ ਲਈ ਜਗਰਾਉਂ ਦੇ ਸ਼ਾਹਰਾਹ ’ਤੇ ਅੱਜ ਵੱਡਾ ਇਕੱਠ ਹੋਇਆ। ਇਸ ਵਿੱਚ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਹਾਕਮ ਧਿਰ ‘ਆਪ’ ਨੂੰ ਛੱਡ ਕੇ ਸਾਰੀਆਂ ਸਿਆਸੀ ਧਿਰਾਂ ਦੇ ਆਗੂ ਇਸ ਧਰਨੇ ਵਿੱਚ ਸ਼ਾਮਲ ਹੋਏ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਕਾਂਗਰਸ ਸਰਕਾਰ ਬਣਨ ’ਤੇ ਹਰ ਹਾਲਤ ਵਿੱਚ ਇਹ ਨੀਤੀ ਰੱਦ ਕਰਨ ਦਾ ਭਰੋਸਾ ਦਿੱਤਾ। ਸ੍ਰੀ ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਪਹਿਲਾ ਕੰਮ ਹੀ ਇਹ ਨੀਤੀ ਰੱਦ ਕਰਨਾ ਹੋਵੇਗਾ। ਰਾਜਾ ਵੜਿੰਗ ਨੇ 14 ਜੁਲਾਈ ਨੂੰ ਲੁਧਿਆਣਾ ਗਲਾਡਾ ਦਫ਼ਤਰ ਘੇਰਨ ਲਈ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ।
ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਐੱਸਆਰ ਕਲੇਰ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਤਰਸੇਮ ਜੋਧਾਂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਕਿਸਾਨ ਆਗੂ ਜਗਰੂਪ ਸਿੰਘ, ਜਗਤਾਰ ਸਿੰਘ ਦੇਹੜਕਾ, ਬਲਵਿੰਦਰ ਸਿੰਘ, ਇੰਦਰਜੀਤ ਧਾਲੀਵਾਲ, ਕਮਲਜੀਤ ਸਿੰਘ ਬਰਾੜ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਸਤਨਾਮ ਸਿੰਘ ਮੋਰਕਰੀਮਾਂ, ਜਸਕਰਨ ਦਿਓਲ, ਬਲਰਾਜ ਸਿੰਘ ਕੋਟਉਮਰਾ, ਜਸਦੇਵ ਸਿੰਘ ਲਲਤੋਂ ਆਦਿ ਨੇ ਸੰਬੋਧਨ ਕੀਤਾ।
ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਦੀਦਾਰ ਸਿੰਘ ਮਲਕ, ਗੁਰਵਿੰਦਰ ਸਿੰਘ ਪੋਨਾ, ਸਰਪੰਚ ਹਰਪ੍ਰੀਤ ਸਿੰਘ ਰਾਜੂ, ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ ਆਦਿ ਦੇ ਸਹਿਯੋਗ ਨਾਲ ਦਿੱਤੇ ਧਰਨੇ ਵਿੱਚ 20 ਜੁਲਾਈ ਨੂੰ ਸਥਾਨਕ ਮਲਕ ਚੌਕ ਵਿੱਚ ਮੁੱਖ ਮੰਤਰੀ ਦੇ ਨਾਲ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਗਿਆ। ਧਰਨੇ ਵਿੱਚ ਸ਼ਾਮਲ ਹੋਈਆਂ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਸ ਮੁੱਦੇ ‘ਤੇ ਤਿੰਨ ਖੇਤੀ ਕਾਨੂੰਨਾਂ ਵਾਂਗ ਲਾਮਿਸਾਲ ਸੰਘਰਸ਼ ਉਲੀਕਣ ਦੀ ਗੱਲ ਕਹੀ। ਇਸ ਲਈ 20 ਜੁਲਾਈ ਨੂੰ ਮੁੱਲਾਂਪੁਰ ਦਾਖਾ ਵਿੱਚ ਇਕੱਠ ਕਰਨ ਦਾ ਐਲਾਨ ਕੀਤਾ। ਸਾਰੀਆਂ ਧਿਰਾਂ ਨੇ ਪਿੰਡਾਂ ਵਿੱਚ ‘ਆਪ’ ਆਗੂਆਂ ਦਾ ਦਾਖ਼ਲਾ ਰੋਕਣ ਸਬੰਧੀ ਬੈਨਰ ਲਾਉਣ ਦਾ ਸੱਦਾ ਦਿੱਤਾ। ਧਰਨੇ ਵਿੱਚ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ, ਮੇਜਰ ਸਿੰਘ ਭੈਣੀ, ਕਰਨਜੀਤ ਸਿੰਘ ਸੋਨੀ ਗਾਲਿਬ, ਇੰਜੀ. ਜਗਦੀਪ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਤਿੰਦਰਪਾਲ ਰਾਣਾ, ਰਾਜੇਸ਼ਵਰ ਸਿੱਧੂ, ਹਰਪ੍ਰੀਤ ਧਾਲੀਵਾਲ, ਨਵਦੀਪ ਗਰੇਵਾਲ, ਮਨੀ ਗਰਗ, ਸੁਖਵਿੰਦਰ ਸਿੰਘ ਗਗੜਾ, ਕੌਂਸਲਰ ਮੇਸ਼ੀ ਸਹੋਤਾ, ਬੌਬੀ ਕਪੂਰ, ਸਤਿੰਦਰਜੀਤ ਤਤਲਾ ਆਦਿ ਸ਼ਾਮਲ ਹੋਏ।