ਹਵਾਈ ਅੱਡੇ ਨੇੜੇ ਕੈਮਰੇ ਵਿੱਚ ਕੈਦ ਹੋਇਆ ਜੰਗਲੀ ਜਾਨਵਰ
ਮਨੋਜ ਸ਼ਰਮਾ
ਬਠਿੰਡਾ, 13 ਫਰਵਰੀ
ਇੱਥੋਂ ਦੇ ਭਿਸੀਆਣਾ ਸਥਿਤ ਭਾਰਤੀ ਹਵਾਈ ਫੌਜ ਦੇ ਅੱਡੇ ਦੀ ਕੰਧ ਨੇੜੇ ਬੀਤੀ ਰਾਤ ਤੇਂਦੁਏ ਵਰਗਾ ਜੰਗਲੀ ਜਾਨਵਰ ਕੈਮਰੇ ਵਿੱਚ ਕੈਦ ਹੋ ਗਿਆ। ਇਹ ਜਾਨਵਰ ਸਟਰੀਟ ਲਾਈਟ ਦੀ ਰੋਸ਼ਨੀ ਵਿੱਚ ਘੁੰਮਦਾ ਹੋਇਆ ਨਜ਼ਰ ਆਇਆ। ਇਹ ਤਸਵੀਰ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵਾਰ-ਵਾਰ ਕੀਤੇ ਜਾ ਰਹੇ ਇਸ ਦਾਅਵੇ ਨੂੰ ਝੁਠਲਾਉਂਦੀ ਨਜ਼ਰ ਆ ਰਹੀ ਹੈ ਕਿ ਖੇਤਰ ਵਿੱਚ ਕੇਵਲ ਗਿੱਦੜ ਹੀ ਮੌਜੂਦ ਹਨ। ਇਲਾਕੇ ਦੇ ਲੋਕ ਹੁਣ ਵਿਭਾਗ ਦੇ ਅਧਿਕਾਰੀਆਂ ’ਤੇ ਸਵਾਲ ਚੁੱਕ ਰਹੇ ਹਨ। ਇਸ ਸੰਬੰਧੀ, ਹਵਾਈ ਅੱਡੇ ਨੇੜੇ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਏਅਰ ਫੋਰਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਏਅਰ ਫੋਰਸ ਸਟੇਸ਼ਨ ਦੀ ਕੰਧ ਨੇੜੇ, ਕੇਵੀ ਸਕੂਲ ਦੇ ਬਾਹਰ, ਰਾਤ ਨੂੰ ਤੇਂਦੁਏ ਵਰਗਾ ਜਾਨਵਰ ਦੇਖਿਆ ਗਿਆ ਹੈ। ਇਸ ਕਾਰਨ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਵਣ ਅਤੇ ਜੰਗਲੀ ਜੀਵ ਸਰੱਖਿਆ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਲਗਾਤਾਰ ਖੇਤਰ ਵਿੱਚ ਸਰਚ ਅਭਿਆਨ ਚਲਾ ਰਹੀ ਹੈ, ਪਰ ਪਿਛਲੇ 5 ਦਿਨਾਂ ਤੋਂ ਟੀਮ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਵਣ ਵਿਭਾਗ ਦੇ ਰੇਂਜ ਅਫਸਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬਾਘ ਵਰਗਾ ਲੱਗ ਰਿਹਾ ਹੈ, ਪਰ ਅਸਲ ਸੱਚਾਈ ਤਾਂ ਇਸ ਨੂੰ ਫੜਨ ਮਗਰੋਂ ਹੀ ਸਾਹਮਣੇ ਆਵੇਗੀ। ਉਨ੍ਹਾਂ ਦੱਸਿਆ ਕਿ ਜਾਨਵਰ ਨੂੰ ਫੜਨ ਲਈ ਪਿੰਜਰੇ ਲਗਾ ਦਿੱਤੇ ਗਏ ਹਨ।