ਪੈਸਿਆਂ ਦੇ ਲਾਲਚ ’ਚ ਪਤਨੀ ਨੇ ਹੀ ਭਰਾ ਤੋਂ ਪਤੀ ਨੂੰ ਮਰਵਾਇਆ
ਜਗਜੀਤ ਸਿੰਘ ਸਿੱਧੂ
ਪਿੰਡ ਭਾਗੀਵਾਂਦਰ ਵਿੱਚ ਪਤੀ ਦੇ ਇਲਾਜ ਲਈ ਦਾਨ ਵਿੱਚ ਮਿਲੇ ਪੈਸੇ ਹੜੱਪਣ ਲਈ ਪਤਨੀ ਨੇ ਹੀ ਆਪਣੇ ਭਰਾ ਅਤੇ ਉਸ ਦੇ ਦੋ ਸਾਥੀਆਂ ਤੋਂ ਪਤੀ ਦਾ ਕਤਲ ਕਰਵਾਇਆ ਸੀ। ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਉਰਫ ਗੱਗੂ ਦੇ ਵਾਰਸਾਂ ਨੇ 8 ਜੁਲਾਈ ਨੂੰ ਪੁਲੀਸ ਕੋਲ ਉਸ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ ਸੀ। ਥਾਣਾ ਸੰਗਤ ਮੰਡੀ ਦੀ ਪੁਲੀਸ ਨੂੰ 12 ਜੁਲਾਈ ਨੂੰ ਰਜਵਾਹੇ ਵਿੱਚੋਂ ਗੁਰਸੇਵਕ ਸਿੰਘ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੇ ਵਾਰਸਾਂ ਵੱਲੋਂ ਸ਼ੱਕ ਪ੍ਰਗਟਾਏ ਜਾਣ ’ਤੇ ਥਾਣਾ ਮੁਖੀ ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਸੇਵਕ ਦਾ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਉਸ ਦੇ ਇਲਾਜ ਲਈ ਮਦਦ ਮੰਗਣ ’ਤੇ ਗੁਰਸੇਵਕ ਦੀ ਪਤਨੀ ਦੇ ਬੈਂਕ ਖਾਤੇ ਵਿੱਚ ਤਿੰਨ ਲੱਖ ਦੇ ਕਰੀਬ ਰੁਪਏ ਇਕੱਠੇ ਹੋ ਗਏ ਸਨ। ਇਲਾਜ ਮਗਰੋਂ ਬਾਕੀ ਬਚੇ ਪੈਸੇ ਗੁਰਸੇਵਕ ਆਪਣਾ ਬੈਂਕ ਖਾਤਾ ਖੁੱਲ੍ਹਵਾ ਕੇ ਤਬਦੀਲ ਕਰਵਾਉਣਾ ਚਾਹੁੰਦਾ ਸੀ। ਇਸ ਕਾਰਨ ਪਤੀ-ਪਤਨੀ ਵਿੱਚ ਝਗੜਾ ਰਹਿਣ ਲੱਗਿਆ। ਇਸੇ ਰੰਜਿਸ਼ ਵਿੱਚ ਗੁਰਸੇਵਕ ਦੀ ਪਤਨੀ ਮਨਪ੍ਰੀਤ ਕੌਰ ਨੇ ਆਪਣੇ ਭਰਾ, ਉਸ ਦੇ ਸਾਲੇ ਅਤੇ ਇੱਕ ਹੋਰ ਵਿਅਕਤੀ ਤੋਂ ਗੁਰਸੇਵਕ ਦਾ ਕਤਲ ਕਰਵਾ ਕੇ ਲਾਸ਼ ਰਜਵਾਹੇ ਵਿੱਚ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਤਰਸੇਮ ਸਿੰਘ ਭਾਗੀਵਾਂਦਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਸੇਵਕ ਦੀ ਪਤਨੀ ਮਨਪ੍ਰੀਤ ਕੌਰ, ਮ੍ਰਿਤਕ ਦੇ ਸਾਲੇ ਅਮਨ ਸਿੰਘ ਅਮਨਾ, ਸੁਖਪ੍ਰੀਤ ਸਿੰਘ ਤੇ ਮੰਨੂ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਮਨਪ੍ਰੀਤ ਕੌਰ ਸਣੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ।