ਚਰਨਜੀਤ ਭੁੱਲਰ
ਘਰਾਂ ਦਾ ਵਿਵਾਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਪਿੱਛਾ ਨਹੀਂ ਛੱਡ ਰਿਹਾ। ਲੋਕ ਸਭਾ ਚੋਣਾਂ ਮੌਕੇ ਲੁਧਿਆਣਾ ਦੇ ਨਗਰ ਨਿਗਮ ਨੇ ਸਰਕਾਰੀ ਰਿਹਾਇਸ਼ ’ਤੇ ਗੈ਼ਰ ਕਾਨੂੰਨੀ ਕਬਜ਼ੇ ਦੇ ਹਵਾਲੇ ਨਾਲ 1.83 ਕਰੋੜ ਦੀ ਵਸੂਲੀ ਪਾ ਦਿੱਤੀ ਸੀ। ਹੁਣ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਚੰਡੀਗੜ੍ਹ ਦੇ ਸੈਕਟਰ ਪੰਜ ’ਚ ਅਲਾਟ ਸਰਕਾਰੀ ਕੋਠੀ ਨੂੰ ਵੀ ਇੱਕ ਵਾਰ ਚੰਡੀਗੜ੍ਹ ਪ੍ਰਸ਼ਾਸਨ ਖ਼ਾਲੀ ਕਰਨ ਦੇ ਹੁਕਮ ਦੇ ਚੁੱਕਾ ਹੈ।
ਤਾਜ਼ਾ ਮਾਮਲਾ ਰਵਨੀਤ ਬਿੱਟੂ ਦੇ ਨਾਮ ’ਤੇ ਨੰਗਲ ਟਾਊਨਸ਼ਿਪ ਕਲੋਨੀ ’ਚ ਅਲਾਟ ਹੋਏ ਦੋ ਸਰਕਾਰੀ ਘਰਾਂ ਦਾ ਹੈ, ਜੋ ਉਸ ਸਮੇਂ ਅਲਾਟ ਹੋਏ ਸਨ ਜਦੋਂ ਬਿੱਟੂ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸਨ। ਇਨ੍ਹਾਂ ਦੋਵੇਂ ਘਰਾਂ ’ਚ ਹਾਲੇ ਵੀ ਕਾਂਗਰਸ ਦਾ ਦਫ਼ਤਰ ਚੱਲ ਰਿਹਾ ਹੈ, ਜੋ ਸਿਆਸੀ ਕਿਰਕਿਰੀ ਦਾ ਕਾਰਨ ਬਣ ਰਿਹਾ ਹੈ। ਕੇਂਦਰੀ ਰਾਜ ਮੰਤਰੀ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਵਸੂਲੀ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ’ਤੇ ਵੀ ਬਿੱਟੂ ਨਿਸ਼ਾਨੇ ’ਤੇ ਆ ਗਏ ਹਨ।
ਬੀ ਬੀ ਐੱਮ ਬੀ ਨੂੰ ਅਖੀਰ ਵਸੂਲੀ ਨੋਟਿਸ ਜਾਰੀ ਕਰਨ ਦਾ ਕਦਮ ਚੁੱਕਣਾ ਪਿਆ, ਕਿਉਂਕਿ ਬਿੱਟੂ ਨੂੰ ਇਹ ਘਰ ਖ਼ਾਲੀ ਕਰਨ ਦੇ ਵਾਰ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਸਨ। ਬੀ ਬੀ ਐੱਮ ਬੀ ਨੇ ਇਨ੍ਹਾਂ ਘਰਾਂ ’ਤੇ ਹੁਣ ਬਿੱਟੂ ਦਾ ਨਾਜਾਇਜ਼ ਕਬਜ਼ਾ ਕਰਾਰ ਦਿੱਤਾ ਹੈ। ਹੁਣ ਸਮੇਤ ਜੁਰਮਾਨੇ ਕਿਰਾਇਆ ਵਸੂਲੀ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਕਾਂਗਰਸ ਦੀ ਸਾਰੀ ਗਤੀਵਿਧੀ ਬਿੱਟੂ ਦੇ ਨਾਮ ’ਤੇ ਅਲਾਟ ਘਰਾਂ ’ਚ ਬਣਾਏ ਕਾਂਗਰਸੀ ਦਫ਼ਤਰ ’ਚੋਂ ਚੱਲ ਰਹੀ ਹੈ।
ਹੁਣ ਬੀਬੀਐੱਮਬੀ ਵੱਲੋਂ ਜਾਰੀ ਵਸੂਲੀ ਨੋਟਿਸ ਮਗਰੋਂ ਬਿੱਟੂ ਨੂੰ ਇਹ ਕਿਰਾਇਆ ਤਾਰਨਾ ਪਵੇਗਾ। ਦੇਖਣਾ ਹੋਵੇਗਾ ਕਿ ਕੀ ਬਿੱਟੂ ਇਹ ਕਿਰਾਇਆ ਹੁਣ ਆਪਣੀ ਜੇਬ ’ਚੋਂ ਖ਼ੁਦ ਤਾਰਨਗੇ ਜਾਂ ਫਿਰ ਕਾਂਗਰਸ ਤੋਂ ਕਿਰਾਇਆ ਵਸੂਲ ਕਰਨਗੇ। ਹਾਲੇ ਤੱਕ ਰਵਨੀਤ ਬਿੱਟੂ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ।
ਪਿਛਾਂਹ ਨਜ਼ਰ ਮਾਰੀਏ ਤਾਂ ਜਦੋਂ ਰਵਨੀਤ ਬਿੱਟੂ ਨੇ ਬਤੌਰ ਭਾਜਪਾ ਉਮੀਦਵਾਰ ਲੁਧਿਆਣਾ ਸੰਸਦੀ ਹਲਕੇ ਤੋਂ ਕਾਗ਼ਜ਼ ਦਾਖਲ ਕਰਨੇ ਸਨ ਤਾਂ ਐਨ ਮੌਕੇ ’ਤੇ ਨਗਰ ਨਿਗਮ ਲੁਧਿਆਣਾ ਨੇ ਉਨ੍ਹਾਂ ਨੂੰ 1.83 ਕਰੋੜ ਦੀ ਵਸੂਲੀ ਦਾ ਨੋਟਿਸ ਦੇ ਦਿੱਤਾ ਕਿਉਂਕਿ ਉਹ ਕਾਰਪੋਰੇਸ਼ਨ ਦੀ ਰਿਹਾਇਸ਼ ’ਚ ਪਿਛਲੇ ਅੱਠ ਸਾਲ ਤੋਂ ਰਹਿ ਰਹੇ ਸਨ। ਰਵਨੀਤ ਬਿੱਟੂ ਨੂੰ ਉਸ ਵਕਤ ਇਹ ਰਾਸ਼ੀ ਚੁਕਾਉਣੀ ਪਈ ਸੀ।
ਬਿੱਟੂ ਦੇ ਨਾਂ ’ਤੇ ਅਲਾਟ ਦੋ ਘਰਾਂ ’ਚ ਚੱਲ ਰਿਹੈ ਕਾਂਗਰਸ ਦਾ ਦਫ਼ਤਰ
ਇਹ ਤੱਥ ਦਿਲਚਸਪ ਹਨ ਕਿ ਬਿੱਟੂ ਭਾਜਪਾ ’ਚ ਹਨ, ਜਦੋਂ ਕਿ ਉਨ੍ਹਾਂ ਦੇ ਨਾਮ ’ਤੇ ਨੰਗਲ ਟਾਊਨਸ਼ਿਪ ’ਚ ਅਲਾਟ ਦੋ ਘਰਾਂ ’ਚ ਕਾਂਗਰਸ ਦਾ ਦਫ਼ਤਰ ਚੱਲ ਰਿਹਾ ਹੈ। ਕੀ ਕਾਂਗਰਸ ਇੱਕ ਭਾਜਪਾ ਮੰਤਰੀ ਦੇ ਨਾਮ ’ਤੇ ਅਲਾਟ ਘਰ ’ਚ ਆਪਣਾ ਪਾਰਟੀ ਦਫ਼ਤਰ ਚਲਾ ਸਕਦੀ ਹੈ? ਇਹ ਸੁਆਲ ਵੀ ਹੁਣ ਉੱਠਣ ਲੱਗੇ ਹਨ। ਕਾਂਗਰਸੀ ਆਗੂ ਆਖਦੇ ਹਨ ਕਿ ਇਹ ਦੋਵੇਂ ਘਰ ਬਿੱਟੂ ਦੇ ਨਾਮ ’ਤੇ ਅਲਾਟ ਹਨ ਪ੍ਰੰਤੂ ਇਨ੍ਹਾਂ ’ਚ ਬਿਜਲੀ ਦਾ ਮੀਟਰ ਕਾਂਗਰਸੀ ਆਗੂ ਦੇ ਨਾਮ ’ਤੇ ਚੱਲ ਰਿਹਾ ਹੈ।

