ਕਾਰੋਬਾਰੀ ’ਤੇ ਗੋਲੀਆਂ ਚਲਾਉਣ ਲਈ ਵਰਤੇ ਗਏ ਹਥਿਆਰ ਬਰਾਮਦ
ਥਾਣਾ ਸਦਰ ਪੁਲੀਸ ਨੇ ਰਾਏਕੋਟ ਰੋਡ ’ਤੇ ਸਥਿਤ ਪਿੰਡ ਰੂਮੀ ’ਚ ਸੈਨੇਟਰੀ ਕਾਰੋਬਾਰੀ ’ਤੇ 4 ਜੁਲਾਈ ਨੂੰ ਕੀਤੇ ਗਏ ਹਮਲੇ ਵਿੱਚ ਵਰਤਿਆ ਗਿਆ ਪਿਸਤੌਲ, ਦੋ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਹਥਿਆਰਾਂ ਦੀ ਬਰਾਮਦਗੀ ਲਈ ਬੀਤੇ ਦਿਨ ਪੁਲੀਸ ਵੱਲੋਂ ਦੋ ਮੁਲਜ਼ਮਾਂ ਨੂੰ ਮੌਕੇ ’ਤੇ ਲਿਜਾਇਆ ਗਿਆ ਸੀ, ਜਿੱਥੇ ਇੱਕ ਮੁਲਜ਼ਮ ਨੇ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ ਸੀ। ਅੱਜ ਉਸ ਕੋਲੋਂ ਹੋਰ ਪੁੱਛ-ਪੜਤਾਲ ਕਰ ਕੇ ਹਥਿਆਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਸੈਨੇਟਰੀ ਕਾਰੋਬਾਰੀ ਜਤਿੰਦਰ ਸਿੰਘ ਦੀ ਭੈਣ ਪਰਮਿੰਦਰ ਕੌਰ ਪਿੰਡ ਤਾਰੇਵਾਲਾ ਦੇ ਰੁਪਿੰਦਰ ਸਿੰਘ ਵਿਆਹੀ ਹੋਈ ਸੀ ਪਰ ਦੋਵਾਂ ਦਾ ਕੁੱਝ ਵਰ੍ਹੇ ਪਹਿਲਾਂ ਤਲਾਕ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤਲਾਕ ਲਈ ਰੁਪਿੰਦਰ ਸਿੰਘ, ਜਤਿੰਦਰ ਸਿੰਘ ਨੂੰ ਦੋਸ਼ੀ ਮੰਨਦਾ ਸੀ। ਇਸੇ ਕਾਰਨ ਉਹ ਵਾਰ-ਵਾਰ ਜਤਿੰਦਰ ਸਿੰਘ ’ਤੇ ਜਾਨਲੇਵਾ ਹਮਲੇ ਕਰਵਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰੁਪਿੰਦਰ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ ਤੇ ਉਹ ਵਿਦੇਸ਼ ਤੋਂ ਹੀ ਪੈਸੇ ਭੇਜ ਕੇ ਹਮਲੇ ਕਰਵਾਉਂਦਾ ਸੀ।