ਹੜ੍ਹ ਪੀੜਤਾਂ ਦੀ ਹਰ ਮਦਦ ਕਰਾਂਗੇ: ਉਗਰਾਹਾਂ
ਅੰਮ੍ਰਿਤਪਾਲ ਸਿੰਘ ਧਾਲੀਵਾਲ
ਹੜ੍ਹ ਪੀੜਤਾਂ ਨੂੰ ਘਰ-ਘਰ ਤਕ ਮਦਦ ਪਹੁੰਚਾਉਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਪੱਧਰੀ ਮੀਟਿੰਗ ਫਤਹਿਗੜ੍ਹ ਛੰਨਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਜਾਵੇਗਾ।
ਇਹ ਕਰ ਕੇ ਹੜ੍ਹ ਪੀੜਤਾਂ ਤਕ ਸਾਰੀਆਂ ਲੋੜੀਂਦੀਆਂ ਚੀਜ਼ਾਂ ਜਿਨ੍ਹਾਂ ਵਿੱਚ ਨਕਦੀ, ਰਾਸ਼ਨ, ਹਰਾ-ਚਾਰਾ, ਤੂੜੀ, ਦਵਾਈਆਂ, ਕੱਪੜੇ ਅਦਿ ਦੇਣ ਅਤੇ ਹੜ੍ਹ ਪੀੜਤਾਂ ਦੀ ਜ਼ਮੀਨ ਪੱਧਰ ਕਰ ਕੇ ਕਣਕ ਬੀਜਣ ਤਕ ਦਾ ਉਪਰਾਲਾ ਕੀਤਾ ਜਾਵੇਗਾ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਜ਼ਮੀਨ ’ਚੋਂ ਗਾਰ/ ਰੇਤ ਕੱਢਣ ਅਤੇ ਜ਼ਮੀਨ ਹਾੜੀ ਦੀ ਫਸਲ ਲਈ ਤਿਆਰ ਕਰਨ ਵਾਸਤੇ ਪੰਜ ਹਜ਼ਾਰ ਟਰੈਕਟਰ ਤੇ ਝੋਨੇ ਦੀ ਵਢਾਈ ਸੀਜ਼ਨ ਵਿੱਚ ਵੀ 1500 ਟਰੈਕਟਰ ਪੀੜਤਾਂ ਦੀ ਮਦਦ ਲਈ ਭੇਜੇ ਜਾਣਗੇ।
‘ਮੋਦੀ ਸਰਕਾਰ ਨੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਿਆ’
ਹੜ੍ਹ ਪੀੜਤਾਂ ਤੱਕ ਮਦਦ ਪਹੁੰਚਾਉਣ ਸਬੰਧੀ ਕੀਤੀ ਮੀਟਿੰਗ ਦੌਰਾਨ ਉਗਰਾਹਾਂ ਯੂਨੀਅਨ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਕਾਫ਼ੀ ਮੁਆਵਜ਼ਾ ਐਲਾਨ ਕੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਭੁੱਕਣ ਦਾ ਕੰਮ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਕੀਤੇ ਨਾਕਾਫ਼ੀ ਮੁਆਵਜ਼ੇ ਦੇ ਐਲਾਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਆਫ਼ਤ ਨੂੰ ਕੌਮੀ ਆਫ਼ਤ ਐਲਾਨ ਕੇ ਪੀੜਤਾਂ ਦੀ ਹਰ ਪੱਖੋਂ ਸੌ ਫੀਸਦੀ ਭਰਪਾਈ ਕਰਨ ਲਈ ਕਿਹਾ।