ਮਾਲਕਾਂ ਦੀ ਸਹਿਮਤੀ ਬਗ਼ੈਰ ਜ਼ਮੀਨ ਐਕੁਆਇਰ ਨਹੀਂ ਕਰਾਂਗੇ: ਭਗਵੰਤ ਮਾਨ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਮਈ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਨਾਲ ਸਬੰਧਤ ਚਿੰਤਾਵਾਂ ਅਤੇ ਧਾਰਨਾਵਾਂ ਨੂੰ ਦੂਰ ਕਰਦਿਆਂ ਕਿਹਾ ਕਿ ਸਰਕਾਰ ਜਬਰੀ ਜ਼ਮੀਨ ਐਕੁਆਇਰ ਨਹੀਂ ਕਰ ਰਹੀ, ਸਗੋਂ ਟਿਕਾਊ ਸ਼ਹਿਰੀ ਵਿਕਾਸ ਪ੍ਰਾਜੈਕਟਾਂ ਲਈ ਕਿਸਾਨਾਂ ਤੇ ਜ਼ਮੀਨ ਮਾਲਕਾਂ ਦੀ ਸਹਿਮਤੀ ਅਤੇ ਸੁਝਾਅ ਲੈ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਦੌਰਾਨ ਸਾਰੇ ਸਮਝੌਤੇ ਸਰਕਾਰ ਅਤੇ ਜ਼ਮੀਨ ਮਾਲਕਾਂ ਵਿਚਕਾਰ ਸਿੱਧੇ ਤੌਰ ’ਤੇ ਕੀਤੇ ਜਾਣਗੇ। ਕਾਨੂੰਨੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਸ਼ੋਸ਼ਣ ਦੀ ਕਿਸੇ ਵੀ ਸੰਭਾਵਨਾ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਕੁਲੈਕਟਰ ਰੇਟ ਤੋਂ ਚਾਰ ਗੁਣਾ ਵੱਧ ਕੀਮਤ ’ਤੇ ਖ਼ਰੀਦੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਅੱਜ ‘ਆਪ ਸਰਕਾਰ, ਤੁਹਾਡੇ ਦੁਆਰ’ ਬੈਨਰ ਹੇਠਲੇ ਪ੍ਰੋਗਰਾਮ ਤਹਿਤ ਇੱਥੇ ਥਾਪਰ ਯੂਨੀਵਰਸਿਟੀ ਦੇ ਆਡੀਟੋਰੀਅਮ ’ਚ ਸਰਪੰਚਾਂ-ਪੰਚਾਂ ਤੇ ਪਿੰਡਾਂ ਦੇ ਹੋਰ ਮੋਹਤਬਰਾਂ ਨਾਲ ਮਿਲਣੀ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਬਰਦਸਤੀ ਜ਼ਮੀਨਾਂ ਹਾਸਲ ਕਰਨ ਦੀ ਯੋਜਨਾ ਹੋਣ ਸਬੰਧੀ ਝੂਠਾ ਪ੍ਰਚਾਰ ਕਰਕੇ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ। ਇਸ ਕਰ ਕੇ ਉਹ ਅੱਜ ਇੱਥੇ ਇਹ ਸਪੱਸ਼ਟ ਕਰਨ ਲਈ ਆਏ ਹਨ ਕਿ ਮਾਲਕਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਦੀ ਵੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾਵੇਗੀ। ਪੰਚਾਇਤਾਂ ਦੀਆਂ ਸ਼ਕਤੀਆਂ ਵਧਾਉਣ ਦੀ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿੰਡਾਂ ’ਚ ਬਣਨ ਵਾਲੀਆਂ ਸੜਕਾਂ ਦਾ ਵਧੀਆ ਮਿਆਰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਸਬੰਧਤ ਠੇਕੇਦਾਰ ਨੂੰ ਇਲਾਕੇ ਦੇ ਸਰਪੰਚਾਂ ਤੋਂ ਐੱਨਓਸੀ ਲੈਣ ਉਪਰੰਤ ਹੀ ਅਦਾਇਗੀ ਕੀਤੀ ਜਾਵੇਗੀ। ਸਰਪੰਚ ਵੱਲੋਂ ਸੜਕ ਦਰੁਸਤ ਨਾ ਹੋਣ ਦੀ ਰਿਪੋਰਟ ਕਰਨ ’ਤੇ ਜਾਂਚ ਹੋਵੇਗੀ ਤੇ ਉਣਤਾਈਆਂ ਦੀ ਸੂਰਤ ’ਚ ਠੇਕੇਦਾਰ ਖ਼ਿਲਾਫ਼ ਕਾਰਵਾਈ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਰਨ ‘ਅਲੋਪ’ ਹੋ ਚੁੱਕੇ ਰਜਬਾਹਿਆਂ ਅਤੇ ਕੱਸੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ’ਤੇ ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਿਅਕਤੀਆਂ ਨੂੰ ਜਥੇਦਾਰ ਨਿਯੁਕਤ ਕਰ ਰਿਹਾ ਹੈ ਤਾਂ ਜੋ ਆਪਣੇ ਪਿਤਾ ਕੋਲੋਂ ਵਾਪਸ ਲਿਆ ‘ਫਖ਼ਰ-ਏ-ਕੌਮ’ ਖ਼ਿਤਾਬ ਵਾਪਸ ਦਿਵਾਇਆ ਜਾ ਸਕੇ।
ਬਠਿੰਡਾ ’ਚ ਭਗਵੰਤ ਮਾਨ ਵੱਲੋਂ ਅਚਾਨਕ ਦੌਰਾ
ਬਠਿੰਡਾ (ਸ਼ਗਨ ਕਟਾਰੀਆ): ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਨਚੇਤ ਦੌਰੇ ਤਹਿਤ ਇੱਥੇ ਲੇਕ ਵਿਊ ਗੈਸਟ ਹਾਊਸ ਵਿੱਚ ਪੁੱਜੇ। ਉਨ੍ਹਾਂ ਦਾ ਇੱਥੇ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਐੱਸਐੱਸਪੀ ਅਮਨੀਤ ਕੌਂਡਲ ਅਤੇ ਜ਼ਿਲ੍ਹੇ ਦੇ 10ਵੀਂ ਤੇ 12ਵੀਂ ਜਮਾਤ ਦੇ 12 ਟੌਪਰ ਵਿਦਿਆਰਥੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਜਿੱਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਭਵਿੱਖੀ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ, ਉੱਥੇ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਖ਼ਤ ਮਿਹਨਤ ਕਰਨ ਲਈ ਵੀ ਪ੍ਰੇਰਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ‘ਇਕ ਦਿਨ ਡੀਸੀ/ਐੱਸਐੱਸਪੀ ਦੇ ਨਾਲ’ ਪ੍ਰੋਗਰਾਮ ਤਹਿਤ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ’ਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐੱਸਐੱਸਪੀ ਅਮਨੀਤ ਕੌਂਡਲ ਨਾਲ ਸਵੇਰ ਦਾ ਨਾਸ਼ਤਾ ਕੀਤਾ। ਇਸ ਮੌਕੇ ਦੋਵਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੱਤੇ ਅਤੇ ਆਪਣਾ ਇਥੋਂ ਤੱਕ ਪਹੁੰਚਣ ਦਾ ਸਫ਼ਰ ਵੀ ਬੱਚਿਆਂ ਨਾਲ ਸਾਂਝਾ ਕੀਤਾ।
ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਮਜੀਠੀਆ: ਭਗਵੰਤ ਮਾਨ
ਪਟਿਆਲਾ (ਖੇਤਰੀ ਪ੍ਰਤੀਨਿਧ): ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ’ਤੇ ਹਮਲਾ ਕਰਦਿਆਂ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ। ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਗਰੀਬ ਵਿਅਕਤੀ ਨੇ ਲਾਈਵ ਵਿਸਫੋਟਕ ਯੰਤਰ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰਦਿਆਂ ਜਾਨ ਗੁਆ ਦਿੱਤੀ ਪਰ ਮਜੀਠੀਆ ਇਸ ’ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਣ ਵਾਲੇ ਮਜੀਠੀਆ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਰਾਜਕਾਲ ਦੌਰਾਨ ਇੱਕ ਐੱਸਐੱਚਓ ਨੂੰ ਆਪਣੀ ਧੀ ਦੀ ਇੱਜ਼ਤ ਦੀ ਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗੋਲੀ ਮਾਰ ਦਿੱਤੀ ਗਈ ਸੀ ਅਤੇ ‘ਮਜੀਠੀਆ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਨਾਭਾ ਜੇਲ੍ਹ ਬਰੇਕ ਕਾਂਡ ਦੀ ਯਾਦ ਦਿਵਾਉਂਦੇ ਹੋਏ ਮਜੀਠੀਆ ਜਿਹੇ ਆਗੂਆਂ ਦੀ ਜਵਾਬਦੇਹੀ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਡਰੱਗ ਮਾਫ਼ੀਆ ਅਤੇ ਗੈਂਗਸਟਰਾਂ ਨੂੰ ਸਮਰੱਥ ਬਣਾਇਆ ਤੇ ਪੰਜਾਬ ਨੂੰ ਨਸ਼ਿਆਂ ਅਤੇ ਅਪਰਾਧ ਨਾਲ ਲੱਦ ਦਿੱਤਾ। ਫੜੇ ਜਾਣ ਵਾਲੇ ਨਸ਼ਾ ਤਸਕਰਾਂ ਜਾਂ ਮਾਫ਼ੀਆ ’ਚੋਂ ਬਹੁਤਿਆਂ ਦੇ ਤਾਰ ਅਕਾਲੀ ਆਗੂਆਂ ਨਾਲ ਜੁੜੇ ਹੁੰਦੇ ਹਨ।