ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਰਿਆ ਪੱਕੇ ਕਰਾਂਗੇ: ਸੁੁਖਬੀਰ
ਜਸਪਾਲ ਸਿੰਘ ਸੰਧੂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਪਿੰਡ ਰਾਜੀ ਸਭਰਾ, ਫੱਤੇ ਵਾਲਾ, ਆਲੇ ਵਾਲਾ, ਦੀਨੇ ਕੇ, ਫ਼ਤਹਿਗੜ੍ਹ ਸਭਰਾ, ਆਸ਼ੀਕੇ ਕੇ, ਭੂਤੀ ਵਾਲਾ, ਰੁਕਨੇ ਵਾਲਾ, ਮਾਹਲੇ ਵਾਲਾ, ਖੰਨਾ ਅਤੇ ਮੰਨੂ ਮਾਸ਼ੀ ਆਦਿ ਦਾ ਦੌਰਾ ਕੀਤਾ। ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਵੀ ਮੌਜੂਦ ਸਨ। ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਬਾਰਡਰ ਤੱਕ ਸਾਰੇ ਦਰਿਆਵਾਂ ਨੂੰ ਪੱਕਾ ਕੀਤਾ ਜਾਵੇਗਾ। ਇਹ ਫ਼ੈਸਲਾ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ ਕੋਲੋਂ ਪੰਜਾਬ ਲਈ 20 ਹਜ਼ਾਰ ਕਰੋੜ ਦੇ ਪੈਕੇਜ ਦੀ ਮੰਗ ਕੀਤੀ ਸੀ, ਪਰ ਕੇਂਦਰ ਨੇ ਸਿਰਫ਼ 1600 ਕਰੋੜ ਹੀ ਜਾਰੀ ਕੀਤਾ ਹੈ। ਇਸ ਨਾਲ ਤਾਂ ਟੁੱਟਿਆ ਹੋਇਆ ਮਾਧੋਪੁਰ ਡੈਮ ਵੀ ਪੂਰਾ ਨਹੀਂ ਬਣ ਸਕਦਾ। ਇਸ ਦੌਰਾਨ ਹੜ੍ਹ ਕਾਰਨ ਘਰ ਢਹਿਣ ਵਾਲੇ ਪੀੜਤ ਪਰਿਵਾਰ ਨੂੰ ਸ੍ਰੀ ਬਾਦਲ ਵੱਲੋਂ 25,000 ਦੀ ਨਗਦ ਮਦਦ ਦਿੱਤੀ ਗਈ। ਇਸ ਤੋਂ ਇਲਾਵਾ ਰੁਕਨੇ ਵਾਲਾ ਬੰਨ੍ਹ ’ਤੇ ਦੋ ਲੱਖ ਦੀ ਨਗਦ ਸਹਾਇਤਾ ਅਤੇ 5000 ਲਿਟਰ ਡੀਜ਼ਲ ਦਿੱਤਾ ਗਿਆ। ਇਸ ਤੋਂ ਇਲਾਵਾ ਮਾਹਲੇ ਵਾਲਾ ਬੰਨ੍ਹ ਲਈ ਵੀ 3000 ਲਿਟਰ ਡੀਜ਼ਲ ਮੁਹੱਈਆ ਕਰਵਾਇਆ ਗਿਆ। ਸ੍ਰੀ ਬਾਦਲ ਨੇ ਪਸ਼ੂਆਂ ਲਈ ਹਰਾ-ਚਾਰਾ, ਤੂੜੀ ਅਤੇ ਮੱਛਰਾਂ ਤੋਂ ਬਚਾਅ ਲਈ ਧੂੰਏਂ ਵਾਲੀਆਂ ਮਸ਼ੀਨਾਂ ਜਲਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।