ਜਲ ਟ੍ਰਿਬਿਊਨਲ ਵੱਲੋਂ ਰਣਜੀਤ ਸਾਗਰ ਤੇ ਸ਼ਾਹਪੁਰਕੰਡੀ ਦਾ ਦੌਰਾ
ਐੱਨਪੀ ਧਵਨ
ਪਠਾਨਕੋਟ, 22 ਫਰਵਰੀ
ਰਾਵੀ-ਬਿਆਸ ਜਲ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਵਿਨੀਤ ਸਰਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਤੇ ਨਿਰਮਾਣ ਅਧੀਨ ਸ਼ਾਹਪੁਰਕੰਡੀ ਡੈਮ ਦਾ ਜਾਇਜ਼ਾ ਲਿਆ ਗਿਆ। ਚੇਅਰਮੈਨ ਜਸਟਿਸ ਵਿਨੀਤ ਸਰਨ ਨਾਲ ਮੈਂਬਰ, ਜਸਟਿਸ ਪੀ. ਨਵੀਨ ਰਾਓ, ਜਸਟਿਸ ਸੁਮਨ ਸ਼ਿਆਮ, ਰਜਿਸਟਰਾਰ ਰੀਟਾ ਚੋਪੜਾ, ਹਰਮੀਤ ਸਚਦੇਵਾ (ਪੀਪੀਐੱਸ ਟੂ ਚੇਅਰਮੈਨ) ਅਤੇ ਕਾਨੂੰਨੀ ਸਹਾਇਕ ਆਸ਼ੀਸ਼ ਮਦਾਨ ਪੁੱਜੇ ਹੋਏ ਸਨ।
ਪੰਜਾਬ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਟ੍ਰਿਬਿਊਨਲ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਨੂੰ ਦੱਸਿਆ ਕਿ ਨਿਰਮਾਣ ਅਧੀਨ ਸ਼ਾਹਪੁਰਕੰਡੀ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਇਸ ਸਮੇਂ 392 ਮੀਟਰ ਤੱਕ ਪਹੁੰਚ ਗਿਆ ਹੈ, ਜਿਸ ਰਾਹੀਂ ਪੰਜਾਬ ਦੇ ਦਰਿਆਵਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿੱਚ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਹਪੁਰਕੰਡੀ ਡੈਮ ਦੇ ਨਿਰਮਾਣ ਤੋਂ ਬਾਅਦ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਵੱਲ ਨਹੀਂ ਜਾ ਸਕੇਗੀ। ਇਸ ਤਰ੍ਹਾਂ ਰਾਵੀ ਦਰਿਆ ਦੇ ਪੂਰੇ ਪਾਣੀ ਦੀ ਸਹੀ ਵਰਤੋਂ ਕੀਤੀ ਜਾ ਸਕੇਗੀ। ਟ੍ਰਿਬਿਊਨਲ ਨੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਬਾਅਦ ਕਿਹਾ ਕਿ ਉਹ ਆਪਣੀ ਪੂਰੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੇ। ਇਸ ਤੋਂ ਬਾਅਦ ਟ੍ਰਿਬਿਊਨਲ ਨੇ ਦੌਰਾ ਕਰ ਕੇ ਮਾਧੋਪੁਰ ਹੈੱਡਵਰਕਸ ਅਤੇ ਉੱਥੋਂ ਨਿਕਲਦੀ ਐੱਮਬੀ ਲਿੰਕ ਨਹਿਰ ਦਾ ਵੀ ਜਾਇਜ਼ਾ ਲਿਆ ਤੇ ਸ਼ਾਮ ਨੂੰ ਟੀਮ ਪੌਂਗ ਡੈਮ ਤਲਵਾੜਾ ਨੂੰ ਰਵਾਨਾ ਹੋ ਗਈ। ਇਸ ਮੌਕੇ ਜਲ ਸਰੋਤ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਐਡਵੋਕੇਟ ਜਨਰਲ ਗੁਰਮਿੰਦਰ ਸਿੰਘ, ਏਓਆਰ ਜਗਜੀਤ ਸਿੰਘ ਚਾਵਲਾ, ਐਡਵੋਕੇਟ ਵਿਜੇ ਕੁਮਾਰ ਸ਼ੈਲੇਂਦਰ, ਰਮਨਪ੍ਰੀਤ ਸਿੰਘ, ਐਡਵੋਕੇਟ ਹਰਪ੍ਰਿਆ ਖਾਨੇਕਾ ਅਤੇ ਭਾਰਤ ਸਰਕਾਰ ਦੇ ਜਲ ਸਰੋਤ ਮੰਤਰਾਲੇ ਦੇ ਨਵੀਨ ਕੁਮਾਰ, ਐਸਜੇਸੀ ਇੰਦੂ ਵਾਟਰ ਵਿੰਗ ਦੇ ਅਧਿਕਾਰੀ ਵੀ ਪੁੱਜੇ ਹੋਏ ਸਨ। ਡੈਮਜ਼ ਪ੍ਰਸ਼ਾਸਨ ਦੇ ਮੁੱਖ ਇੰਜਨੀਅਰ ਵਰਿੰਦਰ ਕੁਮਾਰ, ਐੱਸਡੀਐੱਮ ਪਠਾਨਕੋਟ ਅਰਸ਼ਦੀਪ ਸਿੰਘ, ਐੱਸਈ ਹਰਿੰਦਰਪਾਲ ਸਿੰਘ, ਐੱਸਈ ਕੁਲਵਿੰਦਰ ਸਿੰਘ, ਐੱਸਈ ਜਸਵੀਰ ਪਾਲ ਸਿੰਘ, ਐੱਸਈ ਪ੍ਰਬੋਧ ਚੰਦਰ, ਕਾਰਜਕਾਰੀ ਹੈੱਡਕੁਆਰਟਰ ਲਖਵਿੰਦਰ ਸਿੰਘ, ਕਾਰਜਕਾਰੀ ਨਿਤਿਨ ਸੂਦ ਹਾਜ਼ਰ ਸਨ।