ਜਲ ਸਪਲਾਈ ਕਾਮਿਆਂ ਵੱਲੋਂ ਤਿੰਨ ਰੋਜ਼ਾ ਧਰਨੇ ਦਾ ਐਲਾਨ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਸਕੀਮਾਂ ’ਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਕਾਮਿਆਂ...
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਪੇਂਡੂ ਸਕੀਮਾਂ ’ਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਕਾਮਿਆਂ ਵੱਲੋਂ 2, 3 ਅਤੇ 4 ਦਸੰਬਰ ਨੂੰ ਮੁਕੰਮਲ ਕੰਮ ਬੰਦ ਰੱਖ ਕੇ ਲਗਾਤਾਰ ਦਿਨ-ਰਾਤ ਦੇ ਧਰਨੇ ਦਿੱਤੇ ਜਾਣਗੇ।
ਇਹ ਫੈਸਲਾ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਬਠਿੰਡਾ ਜ਼ਿਲ੍ਹਾ ਮੀਟਿੰਗ ਵਿੱਚ ਲਿਆ ਗਿਆ, ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਨੇ ਕੀਤੀ।
ਆਗੂਆਂ ਨੇ ਦੋਸ਼ ਲਗਾਇਆ ਕਿ ਵਿਭਾਗ ਵੱਲੋਂ ਤਿਆਰ ਨਵੀਂ ਪਾਲਿਸੀ ਕਾਮਿਆਂ ਦੇ ਹੱਕ ਵਿੱਚ ਨਹੀਂ ਹੈ ਅਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਦੇ ਰੁਜ਼ਗਾਰ ਨੂੰ ਖ਼ਤਰੇ ਵਿੱਚ ਪਾਇਆ ਗਿਆ ਹੈ। ਯੂਨੀਅਨ ਨੇ ਇਸ ਪ੍ਰਪੋਜ਼ਲ ਨੂੰ ਰੱਦ ਕਰਦੇ ਹੋਏ ਮੰਗ ਕੀਤੀ ਕਿ ਇਨ੍ਹਾਂ ਕਾਮਿਆਂ ਨੂੰ ਵਿਭਾਗੀ ਕੰਟਰੈਕਟ ’ਤੇ ਲੈ ਕੇ ਪੱਕਾ ਕੀਤਾ ਜਾਵੇ ਅਤੇ ਈ.ਪੀ.ਐੱਫ., ਈ.ਐੱਸ.ਆਈ.ਸੀ. ਵਰਗੀਆਂ ਸਹੂਲਤਾਂ ਦਿੱਤੀਆਂ ਜਾਣ।
ਆਗੂਆਂ ਨੇ ਨਿੱਜੀਕਰਨ ਅਤੇ ਪੰਚਾਇਤੀ ਕਰਨ ਦੀਆਂ ਨੀਤੀਆਂ ਰੱਦ ਕਰਨ ਅਤੇ ਸਾਰੇ ਠੇਕਾ ਕਾਮਿਆਂ ਨੂੰ ਸਬੰਧਤ ਵਿਭਾਗਾਂ ਵਿੱਚ ਮਰਜ ਕਰਕੇ ਰੈਗੂਲਰ ਕਰਨ ਦੀ ਮੰਗ ਵੀ ਚੁੱਕੀ।
ਉਨ੍ਹਾਂ ਕਿਹਾ ਕਿ ਤਹਿ ਪ੍ਰੋਗਰਾਮ ਅਨੁਸਾਰ ਤਿੰਨ ਵਿੱਚ ਸਾਰੇ ਪੰਜਾਬ ਵਿੱਚ ਸਰਕਲ, ਡਵੀਜ਼ਨ ਅਤੇ ਸਬ-ਡਵੀਜ਼ਨ ਪੱਧਰ ’ਤੇ ਲਗਾਤਾਰ ਧਰਨੇ ਦਿੱਤੇ ਜਾਣਗੇ। ਬਠਿੰਡਾ ਵਿੱਚ ਧਰਨੇ ਮੰਡਲ ਨੰਬਰ 1, 2 ਅਤੇ 3 ਦੇ ਦਫਤਰਾਂ ਅੱਗੇ ਲੱਗਣਗੇ।

