ਪਾਣੀ 5 ਦਿਨਾਂ ਤੋਂ ਬੰਦ; ਵਿਧਾਤਾ ਵਾਸੀ ਟੈਂਕੀ ’ਤੇ ਚੜ੍ਹੇ
ਲੋਕਾਂ ਵੱਲੋਂ ਨਾਅਰੇਬਾਜ਼ੀ; ਪ੍ਰਸ਼ਾਸਨ ਵੱਲੋਂ ਨਵੀਂ ਮੋਟਰ ਪਾੳੁਣ ਦਾ ਭਰੋਸਾ
ਲਖਵੀਰ ਸਿੰਘ ਚੀਮਾ
ਹਲਕੇ ਦੇ ਪਿੰਡ ਵਿਧਾਤਾ ਵਿੱਚ ਪੰਜ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਪਿੰਡ ਵਾਸੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ। ਉਨ੍ਹਾਂ ਵੱਲੋਂ ਜਲ ਸਪਲਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਟੈਂਕੀ ’ਤੇ ਚੜ੍ਹੇ ਬਹਾਦਰ ਸਿੰਘ, ਜਮਲਾ ਸਿੰਘ, ਕੇਵਲ ਸਿੰਘ, ਸੇਮਾ ਸਿੰਘ, ਅੰਗਰੇਜ਼ ਸਿੰਘ ਅਤੇ ਪਿੰਡ ਦੀਆਂ ਕੁੱਝ ਔਰਤਾਂ ਨੇ ਕਿਹਾ ਕਿ ਪੰਜ ਦਿਨਾਂ ਤੋਂ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੈ, ਜਿਸ ਕਾਰਨ ਪਾਣੀ ਦੀ ਸਪਲਾਈ ਬੰਦ ਪਈ ਹੈ। ਪਾਣੀ ਨਾ ਆਉਣ ਕਾਰਨ ਪਿੰਡ ਦੇ ਬਹੁ-ਗਿਣਤੀ ਪਰਿਵਾਰ ਪ੍ਰੇਸ਼ਾਨ ਹਨ। ਦੀਵਾਲੀ ਦਾ ਤਿਉਹਾਰ ਵੀ ਉਨ੍ਹਾਂ ਬਿਨਾਂ ਪਾਣੀ ਦੀ ਸਪਲਾਈ ਤੋਂ ਹੀ ਕੱਢਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵਾਟਰ ਵਰਕਸ ਪਹਿਲਾਂ ਵਾਟਰ ਸਪਲਾਈ ਵਿਭਾਗ ਦੇ ਅਧੀਨ ਚੱਲਦਾ ਸੀ ਪਰ ਲਗਪਗ ਡੇਢ ਮਹੀਨਾ ਪਹਿਲਾਂ ਇਸ ਨੂੰ ਪੰਚਾਇਤ ਹਵਾਲੇ ਕਰ ਦਿੱਤਾ ਗਿਆ। ਇੱਥੋਂ ਦੇ ਮੁਲਾਜ਼ਮ ਦੀ ਬਦਲੀ ਵੀ ਪਿੰਡ ਦੀਪਗੜ੍ਹ ਵਿਖੇ ਕਰ ਦਿੱਤੀ ਗਈ। ਹੁਣ ਇੱਥੇ ਪਾਣੀ ਛੱਡਣ ਜਾਂ ਬੰਦ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਕਈ ਵਾਰ ਮੋਟਰ ਸਾਰੀ ਰਾਤ ਚੱਲਦੀ ਰਹਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਵਾਟਰ ਵਰਕਸ ਨੂੰ ਮੁੜ ਵਾਟਰ ਸਪਲਾਈ ਵਿਭਾਗ ਹਵਾਲੇ ਕਰਕੇ ਬੰਦ ਪਈ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।
ਇਸ ਮੌਕੇ ਵਾਟਰ ਸਪਲਾਈ ਵਿਭਾਗ ਦੇ ਐੱਸ ਡੀ ਓ ਕੁਲਦੀਪ ਸਿੰਘ, ਪੰਚਾਇਤ ਸੈਕਟਰੀ ਅਤੇ ਟੱਲੇਵਾਲ ਦੀ ਪੁਲੀਸ ਵੀ ਪਹੁੰਚੀ ਅਤੇ ਪਿੰਡ ਵਾਸੀਆਂ ਨੂੰ ਮੋਟਰ ਠੀਕ ਕਰਵਾ ਕੇ ਤੁਰੰਤ ਪਾਣੀ ਚਾਲੂ ਕਰਨ ਦਾ ਵਾਅਦਾ ਕੀਤਾ ਗਿਆ। ਹਾਲਾਂਕਿ ਪਿੰਡ ਵਾਸੀ ਇਸ ਨੂੰ ਵਾਟਰ ਸਪਲਾਈ ਵਿਭਾਗ ਅਧੀਨ ਕਰਨ ਦੀ ਮੰਗ ’ਤੇ ਅੜੇ ਹੋਏ ਸਨ। ਐੱਸ ਡੀ ਓ ਕੁਲਦੀਪ ਸਿੰਘ ਨੇ ਕਿਹਾ ਕਿ ਭਲਕੇ ਨਵੀਂ ਮੋਟਰ ਪਾ ਕੇ ਪਾਣੀ ਚਾਲੂ ਕਰ ਦਿੱਤਾ ਜਾਵੇਗਾ।

