ਰਣਜੀਤ ਸਾਗਰ ਡੈਮ ਤੋਂ ਛੱਡੇ ਪਾਣੀ ਨੇ ਮਚਾਈ ਭਾਰੀ ਤਬਾਹੀ
ਰਣਜੀਤ ਸਾਗਰ ਡੈਮ ਤੋਂ ਭਾਰੀ ਮਾਤਰਾ ਵਿੱਚ ਛੱਡੇ ਜਾ ਰਹੇ ਪਾਣੀ ਨਾਲ ਲੰਘੀ ਰਾਤ ਮਾਧੋਪੁਰ ਹੈਡਵਰਕਸ ਦੀ ਇਮਾਰਤ ਵਿੱਚ ਵੀ ਪਾਣੀ ਦਾਖਲ ਹੋ ਗਿਆ ਅਤੇ ਉਥੋਂ ਨਿਕਲਦੀ ਯੂਬੀਡੀਸੀ ਹਾਈਡਲ ਨਹਿਰ ਓਵਰਫਲੋਅ ਹੋ ਕੇ ਸੁਜਾਨਪੁਰ ਕੋਲ ਅੱਤੇਪੁਰ, ਬੇਹੜੀਆਂ ਬਜ਼ੁਰਗ ਅਤੇ ਸੁਜਾਨਪੁਰ ਦੇ ਪੁਲ ਨੰਬਰ-4 ਕੋਲ ਪਾਣੀ ਹੀ ਪਾਣੀ ਫੈਲ ਗਿਆ। ਦੋਹੇਂ ਪਿੰਡ ਅਤੇ ਸੁਜਾਨਪੁਰ ਦੀ ਜੰਮੂ-ਜਲੰਧਰ ਨੈਸ਼ਨਲ ਹਾਈਵੇਅ ਵੀ ਪਾਣੀ ਵਿੱਚ ਡੁੱਬ ਗਈ। ਜਿਸ ਨਾਲਟਰੈਫਿਕ ਪ੍ਰਭਾਵਿਤ ਹੋ ਗਿਆ। ਪਿੰਡਾਂ ਵਿੱਚ ਪਾਣੀ ਦਾਖਲ ਹੋ ਜਾਣ ਨਾਲ ਲੋਕਾਂ ਨੇ ਰਾਤ ਛੱਤਾਂ ਉਪਰ ਗੁਜ਼ਾਰੀ। ਅੱਜ ਸਵੇਰੇ ਐਨਡੀਆਰਐਫ ਦੀਆਂ ਟੀਮਾਂ ਨੇ 150 ਤੋਂ ਵੱਧ ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਇਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਸੀ, ਜਿਸ ਨੂੰ ਸਟਰੈਚਰ ਤੇ ਪਾ ਕੇ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਪਹੁੰਚਾਇਆ। ਇਸੇ ਤਰ੍ਹਾਂ 3 ਬੱਚੇ ਵੀ ਜੋ ਅੰਨ੍ਹੇਪਣ ਦਾ ਸ਼ਿਕਾਰ ਸਨ, ਨੂੰ ਵੀ ਸੁਰੱਖਿਅਤ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਪਿੰਡ ਅੱਤੇਪੁਰ ਦਾ ਇੱਕ ਲੜਕਾ ਜਗਤਾਰ ਸਿੰਘ ਵੀ ਪਾਣੀ ਵਿੱਚ ਰੁੜ੍ਹ ਗਿਆ।
ਇਸ ਦੇ ਇਲਾਵਾ ਨਹਿਰ ਵਿੱਚ ਵੀ 40 ਫੁੱਟ ਦਾ ਪਾੜ ਪੈ ਗਿਆ ਅਤੇ ਪਾਣੀ ਗੁਲਪੁਰ ਸਿੰਬਲੀ ਤੇ ਸੁਕਾਲਗੜ੍ਹ ਪਿੰਡਾਂ ਵਿੱਚ ਵੀ ਦਾਖਲ ਹੋ ਗਿਆ। ਜਿਸ ਕਰਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਕੇ ਬੱਸਾਂ ਰਾਹੀਂ ਬਾਰਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਬਣਾਏ ਗਏ ਰਾਹਤ ਕੈਂਪ ਵਿੱਚ ਪਹੁੰਚਾਇਆ।
ਇਥੇ ਹੀ ਬੱਸ ਨਹੀਂ ਮਾਧੋਪੁਰ ਵਿਖੇ ਰਣਜੀਤ ਸਾਗਰ ਡੈਮ ਤੋਂ ਆ ਰਹੇ ਪਾਣੀ ਨੇ ਜੰਮੂ-ਕਸ਼ਮੀਰ ਵਾਲੇ ਪਾਸੇ ਕਸ਼ਮੀਰ ਕਨਾਲ ਵਿੱਚ ਪਾਣੀ ਓਵਰਫਲੋਅ ਹੋ ਜਾਣ ਨਾਲ ਉਥੇ ਪੰਜਾਬ-ਜੰਮੂ, ਕਸ਼ਮੀਰ ਨੂੰ ਲਿੰਕ ਕਰਨ ਵਾਲੇ ਸੜਕੀ ਪੁਲ ਨੂੰ ਖੋਰਾ ਲਗਾ ਦਿੱਤਾ ਤੇ ਰਾਤ 1 ਵਜੇ ਦੇ ਕਰੀਬ ਪੁਲ ਦਾ ਇੱਕ ਹਿੱਸਾ ਬੈਠ ਗਿਆ, ਜਿਸ ਕਾਰਨ ਇਸ ਤੋਂਟਰੈਫਿਕ ਤੁਰੰਤ ਬੰਦ ਕਰ ਦਿੱਤਾ ਗਿਆ। ਪਾਣੀ ਦੀ ਇਸ ਤਬਾਹੀ ਨਾਲ ਉਥੇ ਜੰਮੂ-ਕਸ਼ਮੀਰ ਵਾਲੇ ਪਾਸੇ ਪੁਲ ਕੋਲ ਸੀਆਰਪੀਐਫ ਦੇ 22 ਜਵਾਨ ਤੇ 3 ਹੋਰ ਵਿਅਕਤੀ ਰਿਹਾਇਸ਼ੀ ਕੈਂਪ ਵਿੱਚ ਫਸ ਗਏ ਤੇ ਉਨ੍ਹਾਂ ਰਾਤ ਛੱਤਾਂ ਤੇ ਕੱਟੀ। ਅੱਜ ਤੜ੍ਹਕੇ 5 ਵਜੇ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ। ਜਦ ਕਿ ਕੈਂਪ ਦੀ ਬਿਲਡਿੰਗ ਵੀ ਪਾਣੀ ਨਾਲ ਕਾਫੀ ਢਹਿ ਗਈ।
ਇਥੇ ਹੀ ਬੱਸ ਨਹੀਂ ਅੱਜ 2 ਵਜੇ ਜਦ ਇਹ ਪੱਤਰਕਾਰ ਉਕਤ ਬੈਠ ਗਏ ਪੁਲ ਦਾ ਦੌਰਾ ਕਰ ਰਿਹਾ ਸੀ ਤਾਂ ਉਸੇ ਸਮੇਂ ਹੀ ਮਾਧੋਪੁਰ ਹੈਡਵਰਕਸ ਦੇ 2 ਗੇਟ ਟੁੱਟ ਗਏ ਅਤੇ ਉਥੇ ਗੇਟਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਇੱਕ ਵਿਨੋਦ ਕੁਮਾਰ ਜੋ ਕਿ ਚਾਰਜਮੈਨ ਸੀ, ਪਾਣੀ ਵਿੱਚ ਹੀ ਡਿੱਗ ਗਿਆ ਤੇ ਰੁੜ੍ਹ ਗਿਆ। ਉਸ ਦੇ ਅੱਧੇ ਘੰਟੇ ਬਾਅਦ ਹੀ 2 ਹੋਰ ਗੇਟ ਵਾਰੀ-ਵਾਰੀ ਟੁੱਟ ਕੇ ਰੁੜ੍ਹ ਗਏ। ਇਸ ਤਰ੍ਹਾਂ ਕੁੱਲ 4 ਗੇਟ ਰੁੜ੍ਹ ਗਏ। ਜਦ ਕਿ ਉਥੇ ਗੇਟਾਂ ਉਪਰ ਹੀ 2 ਐਕਸੀਅਨਾਂ (ਨਿਤਨ ਸੂਦ ਤੇ ਪ੍ਰਦੀਪ ਕੁਮਾਰ) ਸਮੇਤ 60 ਮੁਲਾਜ਼ਮ ਗੇਟ ਟੁੱਟਣ ਕਾਰਨ ਫਸ ਗਏ ਅਤੇ ਉਨ੍ਹਾਂ ਨੂੰ ਆਰਮੀ ਦੇ 2 ਹੈਲੀਕਾਪਟਰਾਂ ਰਾਹੀਂ ਸ਼ਾਮ ਨੂੰ 4 ਵਜੇ ਸੁਰੱਖਿਅਤ ਬਾਹਰ ਕੱਢਿਆ ਗਿਆ। ਗੇਟ ਟੁੱਟਣ ਦੀ ਸੂਚਨਾ ਮਿਲਦੇ ਸਾਰ ਹੀ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਵਧੀਕ ਡੀਸੀ ਹਰਦੀਪ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਉਪਰ ਪੁੱਜ ਗਏ ਤੇ ਉਨ੍ਹਾਂ ਫਸ ਗਏ ਮੁਲਾਜ਼ਮਾਂ ਨੂੰ ਬਾਹਰ ਕੱਢਣ ਲਈ ਏਅਰਫੋਰਸ ਕੋਲੋਂ ਹੈਲੀਕਾਪਟਰ ਮੰਗਵਾਏ। ਜੰਮੂ-ਕਸ਼ਮੀਰ ਨੂੰ ਪੰਜਾਬ ਨਾਲ ਜੋੜਨ ਵਾਲਾ ਪੁਲ ਬੰਦ ਕਰ ਦੇਣ ਨਾਲ ਜੰਮੂ ਨੂੰ ਜਾਣ ਵਾਲੇ ਰਸਦ ਤੇ ਹੋਰ ਸਮਾਨ ਨਾਲ ਭਰੇ ਟਰੱਕ ਸਾਰਾ ਦਿਨ ਮਾਧੋਪੁਰ ਵਿਖੇ ਖੜ੍ਹੇ ਰਹੇ ਅਤੇ ਉਨ੍ਹਾਂ ਨੂੰ ਅੱਗੇ ਨਾ ਜਾਣ ਦਿੱਤਾ।
ਜ਼ਿਕਰਯੋਗ ਹੈ ਕਿ ਉਥੇ ਸੜਕੀ ਮਾਰਗ ਦੇ 2 ਪੁਲ ਹਨ, ਇੱਕ ਜਾਣ ਵਾਲਾ ਤੇ ਦੂਸਰਾ ਆਉਣ ਵਾਲਾ। ਇਨ੍ਹਾਂ ਵਿੱਚੋਂ ਪੰਜਾਬ ਨੂੰ ਆਉਣ ਵਾਲਾ ਪੁਲ ਬੈਠ ਜਾਣ ਨਾਲ ਦੂਸਰੇ ਪੁਲ ਤੋਂ ਹੀਟਰੈਫਿਕ ਲੰਘਾਇਆ ਜਾ ਰਿਹਾ ਸੀ। ਉਥੇ ਮੌਜੂਦ ਪੁਲੀਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਗੇਟ ਟੁੱਟਣ ਅਤੇ ਹੜ੍ਹ ਦਾ ਪਾਣੀ ਜ਼ਿਆਦਾ ਹੋਣ ਕਾਰਨ ਬਚੇ ਹੋਏ 1 ਪੁਲ ਤੋਂ ਲਾਈਟਟਰੈਫਿਕ ਲੰਘਾਇਆ ਜਾ ਰਿਹਾ ਹੈ। ਟਰੱਕਾਂ ਦੇ ਲੰਘਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੋਹਾਂ ਜ਼ਿਲ੍ਹਿਆਂ ਕਠੂਆ ਅਤੇ ਪਠਾਨਕੋਟ ਦੇ ਪ੍ਰਸ਼ਾਸਨਿਕ ਅਧਿਕਾਰੀ ਹੀ ਇਨ੍ਹਾਂ ਨੂੰ ਲੰਘਾਉਣ ਬਾਰੇ ਫੈਸਲਾ ਲੈਣਗੇ। ਇਸ ਪੱਤਰਕਾਰ ਨੇ ਦੇਖਿਆ ਕਿ ਮਾਧੋਪੁਰ ਵਿਖੇ ਸਵਾਰੀਆਂ ਉਤਰ ਰਹੀਆਂ ਸਨ ਤੇ ਉਥੋਂ ਆਟੋ ਰਿਕਸ਼ਿਆਂ ਵਿੱਚ ਪੁਲ ਪਾਰ ਕਰ ਰਹੀਆਂ ਸਨ। ਕਈ ਤਾਂ ਪੈਦਲ ਹੀ ਸਮਾਨ ਸਿਰਾਂ ਤੇ ਚੁੱਕ ਕੇ ਲਿਜਾਂਦੇ ਦੇਖੇ ਗਏ।
ਬਾਰਠ ਸਾਹਿਬ ਗੁਰਦੁਆਰੇ ਵੱਲੋਂ ਮੈਨੇਜਰ ਕੰਵਲਪ੍ਰੀਤ ਸਿੰਘ ਅਤੇ ਹੈਡਗ੍ਰੰਥੀ ਸਵਰਾਜ ਸਿੰਘ ਦੀ ਅਗਵਾਈ ਵਿੱਚ ਸੇਵਾਦਾਰਾਂ ਨੇ ਮਾਧੋਪੁਰ ਵਿਖੇ ਯਾਤਰੀਆਂ ਤੇ ਡਰਾਈਵਰਾਂ ਲਈ ਲੰਗਰ ਵੀ ਲਗਾਇਆ ਹੋਇਆ ਸੀ।
ਲਖਨਪੁਰ ਦੇ ਥਾਣਾ ਮੁਖੀ ਇੰਸਪੈਕਟਰ ਤਾਰਿਕ ਨੇ ਦੱਸਿਆ ਕਿ ਰਾਤ ਸਮੇਂ ਮਾਧੋਪੁਰ ਹੈਡਵਰਕਸ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਤੇ ਕਸ਼ਮੀਰ ਕਨਾਲ ਨੂੰ ਤੋੜ ਦਿੱਤਾ। ਜਿਸ ਨਾਲ ਪੁਲ ਦਾ ਹਿੱਸਾ ਵੀ ਬੈਠ ਤੇ ਉਥੇ ਬਣੀ ਸੀਆਰਪੀਐਫ ਕੈਂਪ ਦੀ ਇਮਾਰਤ ਵੀ ਕਾਫੀ ਢਹਿ ਗਈ ਅਤੇ ਪਾਣੀ ਵਿੱਚ ਘਿਰ ਗਈ। ਉਥੇ ਕੈਂਪ ਵਿੱਚ ਫਸੇ ਜਵਾਨਾਂ ਨੂੰ ਅੱਜ ਤੜ੍ਹਕੇ ਹੈਲੀਕਾਪਟਰ ਬੁਲਾ ਕੇ ਸੁਰੱਖਿਅਤ ਕੱਢਿਆ ਗਿਆ। ਜਾਣਕਾਰੀ ਅਨੁਸਾਰ ਰਾਤ ਸਮੇਂ ਪੌਣੇ 2 ਲੱਖ ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਤੋਂ ਮਾਧੋਪੁਰ ਦੀ ਤਰਫ ਛੱਡਿਆ ਜਾ ਰਿਹਾ ਸੀ ਤੇ ਮਾਧੋਪੁਰ ਦੇ ਫਲੱਡ ਗੇਟਾਂ ਰਾਹੀਂ ਇਹ ਪਾਣੀ ਅੱਗੇ ਭੇਜਿਆ ਜਾ ਰਿਹਾ ਸੀ। ਬਹੁਤ ਸਾਰੇ ਫਲੱਡ ਗੇਟ ਜਾਮ ਹੋਏ ਪਏ ਸਨ। ਜਿਸ ਕਾਰਨ ਗੇਟਾਂ ਦੇ ਟੁੱਟਣ ਦੀ ਨੌਬਤ ਆਈ। ਰਾਹਤ ਦੀ ਗੱਲ ਇਹ ਰਹੀ ਕਿ ਅੱਜ ਉਝ ਦਰਿਆ ਵਿੱਚ ਪਾਣੀ ਘਟ ਗਿਆ ਤੇ ਆਮ ਵਾਂਗ ਚੱਲਿਆ।