ਪੌਂਗ ਡੈਮ ਤੋਂ ਛੱਡਿਆ ਪਾਣੀ ਖੇਤਾਂ ’ਚ ਦਾਖਲ
ਜਗਜੀਤ ਸਿੰਘ
ਪੌਂਗ ਡੈਮ ਤੋਂ ਬਿਆਸ ’ਚ ਛੱਡੇ 44 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਕਾਰਨ ਬਿਆਸ ਕਿਨਾਰੇ ਵੱਸਦੇ ਕਰੀਬ ਤਿੰਨ ਦਰਜਨ ਪਿੰਡਾਂ ਦੀ ਗੰਨੇ ਤੇ ਝੋਨੇ ਦੀ ਫਸਲ ’ਚ ਦੋ-ਦੋ ਫੁੱਟ ਪਾਣੀ ਖੜ੍ਹ ਗਿਆ ਹੈ। ਮਹਿਤਾਬਪੁਰ ਅਤੇ ਸਨਿਆਲ ਪਿੰਡ ’ਚ ਧੁੱਸੀ ਬੰਨ੍ਹ ’ਚ ਦੋ ਸਾਲ ਪਹਿਲਾਂ ਪਾੜ ਪਿਆ ਸੀ ਤੇ ਇਸ ਥਾਂ ’ਤੇ ਹੁਣ ਪਾਣੀ ਦਾ ਦਬਾਅ ਵਧਦਾ ਜਾ ਰਿਹਾ ਹੈ।
ਮਾਹਿਰਾਂ ਮੁਤਾਬਕ ਬਿਆਸ ਦਾ ਪਾਣੀ ਆਪਣੇ ਰਵਾਇਤੀ ਖੇਤਰ ਤੋਂ ਬਾਹਰ ਨਿਕਲ ਕੇ ਖੇਤੀ ਰਕਬੇ ਵਿੱਚ ਆ ਗਿਆ ਹੈ। ਜੇਕਰ ਪੌਂਗ ਡੈਮ ਤੋਂ ਹੋਰ ਪਾਣੀ ਵਧਾਇਆ ਜਾਂਦਾ ਹੈ ਜਾਂ ਮੀਂਹ ਜਾਰੀ ਰਹਿੰਦਾ ਹੈ ਤਾਂ ਇਨ੍ਹਾਂ ਪਿੰਡਾਂ ਲਈ ਖਤਰਾ ਖੜ੍ਹਾ ਹੋ ਸਕਦਾ ਹੈ। ਜਲ ਸਰੋਤ ਵਿਭਾਗ ਦੇ ਦੁਪਹਿਰੇ 2 ਵਜੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਪੌਂਗ ਡੈਮ ਵਿਚ ਪਾਣੀ ਦਾ ਪੱਧਰ 1376.30 ਫੁੱਟ ’ਤੇ ਜਾ ਪੁੱਜਿਆ ਹੈ। ਪਾਣੀ ਦੀ ਆਮਦ 49333 ਕਿਊਸਿਕ ਹੈ ਅਤੇ ਪੌਂਗ ਡੈਮ ਤੋਂ 55904 ਕਿਊਸਿਕ ਪਾਣੀ ਅੱਗੇ ਛੱਡਿਆ ਜਾ ਰਿਹਾ ਹੈ। ਇਸ ਵਿਚੋਂ 11500 ਕਿਊਸਿਕ ਮੁਕੇਰੀਆਂ ਹਾਈਡਲ ਚੈਨਲ ਅਤੇ 44179 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ। ਨੌਸ਼ਹਿਰਾ ਪੱਤਣ ਦੇ ਅਮਰਜੀਤ ਸਿੰਘ ਬਿੱਟੂ, ਮਲਕੀਤ ਸਿੰਘ ਹੁੰਦਲ, ਪੰਚ ਹਰਿੰਦਰ ਸਿੰਘ ਰਾਜੂ, ਕੁਲਵੀਰ ਸਿੰਘ ਬੱਬਾ ਨੇ ਦੱਸਿਆ ਕਿ ਬਿਆਸ ਦੇ ਪਾਣੀ ’ਚ ਡਰੇਨਾਂ ਅਤੇ ਚੱਕੀ ਦਾ ਪਾਣੀ ਮਿਲਣ ਕਾਰਨ ਦਰਿਆ ਦਾ ਪਾਣੀ ਬਾਹਰ ਆ ਕੇ ਪਿੰਡ ਮੋਤਲਾ, ਸੱਲੋਵਾਲ, ਸਨਿਆਲ, ਮਹਿਤਾਬਪੁਰ, ਮਿਆਣੀ ਮਲਾਹਾਂ, ਹਰਸ਼ੇ ਕਲੋਤਾ, ਕਲੀਚਪੁਰ ਕਲੋਤਾ, ਨੌਸ਼ਹਿਰਾ ਪੱਤਣ, ਛਾਂਟਾਂ, ਬਸਤੀ ਬਾਗ, ਧਨੋਆ, ਟੇਰਕਿਆਣਾ ਸਮੇਤ ਕਰੀਬ ਕਈ ਦਰਜਨ ਪਿੰਡਾਂ ਦੀਆਂ ਧੁੱਸੀਆਂ ਵਿਚ ਪੁੱਜ ਗਿਆ ਹੈ। ਇਸ ਕਾਰਨ ਬਿਆਸ ਨਾਲ ਲੱਗਦੀ ਕਿਸਾਨਾਂ ਦੀ ਫਸਲ ਵਿੱਚ ਕਰੀਬ 2-2 ਫੁੱਟ ਤੱਕ ਪਾਣੀ ਚੱਲ ਰਿਹਾ ਹੈ ਜਿਸ ਦੇ ਵਧਣ ਦੇ ਆਸਾਰ ਹਨ।
ਪਿੰਡ ਮਹਿਤਾਬਪੁਰ ਦੇ ਨੰਬਰਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੇ ਨਜ਼ਦੀਕ ਪਾਣੀ ਤੇਜ਼ੀ ਨਾਲ ਵਹਿ ਰਿਹਾ ਹੈ ਅਤੇ ਮਹਿਤਾਬਪੁਰ ਤੇ ਸਨਿਆਲ ਕੋਲ ਧੁੱਸੀ ਬੰਨ੍ਹ ਦੇ ਨੁਕਸਾਨ ਵਾਲੇ ਥਾਂ ’ਤੇ ਪਾਣੀ ਦਾ ਦਬਾਅ ਵਧਿਆ ਹੋਇਆ ਹੈ। ਜੇਕਰ ਪਾਣੀ ਦਾ ਵਹਾਅ ਤੇਜ਼ ਹੁੰਦਾ ਹੈ ਤਾਂ ਇੱਥੇ ਮੁੜ ਪਾੜ ਪੈਣ ਦੀ ਸੰਭਾਵਨਾ ਹੋ ਸਕਦੀ ਹੈ।
ਪ੍ਰਸ਼ਾਸਨ ਪਾਣੀ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ: ਤਹਿਸੀਲਦਾਰ਼
ਮੁਕੇਰੀਆਂ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਮਾਨਸਰ ਤੋਂ ਸਨਿਆਲ ਖੇਤਰ ਦਾ ਦੌਰਾ ਕੀਤਾ ਹੈ ਅਤੇ ਹਾਲ ਦੀ ਘੜੀ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਪ੍ਰਸ਼ਾਸਨ ਵਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਕੋਈ ਹੰਗਾਮੀ ਹਾਲਤ ਸਾਹਮਣੇ ਆਈ ਤਾਂ ਤੁਰੰਤ ਪ੍ਰਬੰਧ ਕੀਤੇ ਜਾਣਗੇ।