ਮੰਗਲਵਾਰ ਨੂੰ ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਮੁੜ ਸਹਿਮ ਦਾ ਮਾਹੌਲ ਬਣ ਗਿਆ। ਇੱਥੋਂ ਦੇ ਖੇਤ ਪਹਿਲਾਂ ਹੀ ਪਾਣੀ ਵਿੱਚ ਡੁੱਬੇ ਹੋਏ ਸਨ।
ਇਨ੍ਹਾਂ ਪ੍ਰਭਾਵਿਤ ਪਿੰਡਾਂ ਵਿੱਚ ਨਵੀਂ ਗੱਟੀ ਰਾਜੋਕੇ, ਟੈਂਡੀਵਾਲਾ, ਕਾਲੂਵਾਲਾ, ਨਿਹਾਲਾ ਕਿਲਚਾ, ਨਿਹਾਲਾ ਲਵੇਰਾ, ਧੀਰਾ ਘਾਰਾ ਅਤੇ ਬੰਡਾਲਾ ਸ਼ਾਮਲ ਹਨ। ਇੱਥੋਂ ਤੱਕ ਕਿ ਸਤਲੁਜ ਵਿੱਚ ਪਾਣੀ ਦੇ ਵਹਾਅ ਦੀ ਗਤੀ ਐਨੀ ਵੱਧ ਗਈ ਹੈ ਕਿ ਦਰਿਆ ਦੇ ਕਿਨਾਰੇ ਖੁਰਨ ਲੱਗ ਪਏ ਹਨ, ਜਿਸ ਨਾਲ ਵਸਨੀਕ ਚਿੰਤਤ ਹਨ। ਉਹ ਡਰੇ ਹੋਏ ਹਨ ਕਿ ਦਰਿਆ ਆਪਣਾ ਰਾਹ ਬਦਲ ਕੇ ਪਿੰਡਾਂ ਵੱਲ ਨਾ ਆ ਜਾਵੇ।
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਹਰੀਕੇ ਹੈੱਡਵਰਕਸ ਤੋਂ ਹੇਠਾਂ ਵੱਲ ਪਾਣੀ ਦਾ ਨਿਕਾਸ 92,000 ਕਿਊਸਿਕ ਸੀ, ਜਦੋਂ ਕਿ ਹੁਸੈਨੀਵਾਲਾ ਵਿੱਚ 80,000 ਕਿਊਸਿਕ ਦਰਜ ਕੀਤਾ ਗਿਆ। ਇਹ ਆਮ ਵਹਾਅ ਤੋਂ ਲਗਪਗ ਦੁੱਗਣਾ ਹੈ। ਹਾਲ ਹੀ ਦੇ ਹੜ੍ਹਾਂ ਦੇ ਸਿਖਰ ਦੌਰਾਨ ਇਹ ਅੰਕੜਾ ਵੱਧ ਕੇ 3 ਲੱਖ ਕਿਊਸਿਕ ਤੱਕ ਪਹੁੰਚ ਗਿਆ ਸੀ।
ਕਾਲੂਵਾਲਾ (ਸਰਹੱਦ ’ਤੇ ਸਥਿਤ ਆਖਰੀ ਭਾਰਤੀ ਪਿੰਡ, ਜੋ ਤਿੰਨ ਪਾਸਿਆਂ ਤੋਂ ਸਤਲੁਜ ਨਾਲ ਘਿਰਿਆ ਹੋਇਆ ਹੈ ਅਤੇ ਚੌਥੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਲੱਗੀ ਹੋਈ ਹੈ) ਵਿੱਚ ਜ਼ਿੰਦਗੀ ਅਜੇ ਆਮ ਵਾਂਗ ਨਹੀਂ ਹੋਈ ਹੈ ਅਤੇ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧੇ ਨੇ ਉਨ੍ਹਾਂ ਨੂੰ ਮੁੜ ਫਿਕਰਾਂ ਵਿੱਚ ਪਾ ਦਿੱਤਾ ਹੈ।
ਲਗਪਗ 250 ਵਸਨੀਕ ਜੋ ਹਾਲ ਹੀ ਦੇ ਹੜ੍ਹਾਂ ਤੋਂ ਬਾਅਦ ਮੁਸ਼ਕਿਲ ਨਾਲ ਮੁੜ ਵਸੇ ਸਨ, ਪਾਣੀ ਦਾ ਪੱਧਰ (ਹਾਲਾਂਕਿ ਮਾਮੂਲੀ) ਵਧਣ ਕਾਰਨ ਦੁਬਾਰਾ ਛੱਡਣ ਲਈ ਮਜਬੂਰ ਹੋਣਾ ਪਿਆ। ਸੋਲ੍ਹਾਂ ਪਰਿਵਾਰ ਨੇੜਲੇ ਲੰਗਿਆਣਾ ਪਿੰਡ ਵੱਲ ਚਲੇ ਗਏ ਹਨ, ਜੋ ਕਿ ਤਰਪਾਲਾਂ ਦੇ ਅਸਥਾਈ ਆਸਰਿਆਂ ਹੇਠ ਰਹਿ ਰਹੇ ਹਨ ਅਤੇ ਸਰਕਾਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ।
ਇੱਕ ਹੋਰ ਪਿੰਡ ਵਾਸੀ ਮੱਖਣ ਸਿੰਘ ਨੇ ਕਿਹਾ, ‘‘ਮੇਰੀ ਬਾਰਾਂ ਏਕੜ ਜ਼ਮੀਨ ਪੂਰੀ ਤਰ੍ਹਾਂ ਰੁੜ੍ਹ ਗਈ ਅਤੇ ਘਰ ਦੇ ਦੋ ਕਮਰੇ ਢਹਿ ਗਏ, ਪਰ ਹੁਣ ਮੇਰੇ ਕੋਲ ਕਮਰੇ ਬਣਾਉਣ ਲਈ ਹੁਣ ਸਾਧਨ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਸੱਪ ਦੇ ਡੰਗਣ ਕਾਰਨ ਮੇਰੀ ਇੱਕ ਗਾਂ ਮਰ ਗਈ ਸੀ, ਹਾਲਾਂਕਿ ਇੱਕ NGO ਨੇ ਬਾਅਦ ਵਿੱਚ ਮੈਨੂੰ ਇੱਕ ਹੋਰ ਪਸ਼ੂ ਦਿੱਤਾ, ਪਰ ਪਾਣੀ ਦਾ ਪੱਧਰ ਦੁਬਾਰਾ ਵਧਣ ਕਾਰਨ ਅਸੀਂ ਸਹਿਮ ਵਿੱਚ ਹਾਂ।’’