ਦੀਪਕ ਠਾਕੁਰ
ਤਲਵਾੜਾ, 4 ਜੁਲਾਈ
ਮੌਨਸੂਨ ਦੌਰਾਨ ਪੌਂਗ ਡੈਮ ਖੇਤਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਝੀਲ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਨਹਿਰੀ ਵਿਭਾਗ ਨੇ ਹੜ੍ਹਾਂ ਦੇ ਅਗਾਊਂ ਪ੍ਰਬੰਧਾਂ ਲਈ ਅਲਰਟ ਜਾਰੀ ਕਰ ਦਿੱਤਾ ਹੈ। ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੇ ਪੱਤਰ ਜਾਰੀ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸੀ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਨਹਿਰੀ ਵਿਭਾਗ ਨੇ ਇਹ ਪੱਤਰ ਬੀਬੀਐੱਮਬੀ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੇ ਆਧਾਰ ’ਤੇ ਜਾਰੀ ਕੀਤਾ ਹੈ। ਇਹ ਪੱਤਰ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ ਜਿਸ ’ਚ ਬੀਬੀਐੱਮਬੀ ਨੇ ਪੌਂਗ ਡੈਮ ਦੀ ਝੀਲ ’ਚ ਪਾਣੀ ਦਾ ਪੱਧਰ ਕਿਸੇ ਵੇਲੇ ਵੀ ਵਧਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਇਸ ਵੇਲੇ ਪੌਂਗ ਡੈਮ ’ਚ ਪਾਣੀ ਦਾ ਪੱਧਰ 1320.40 ਫੁੱਟ ’ਤੇ ਪਹੁੰਚ ਚੁੱਕਾ ਹੈ। ਡੈਮ ਏਰੀਆ ਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਕਿਸੇ ਵੀ ਸਮੇਂ ਡੈਮ ’ਚ ਪਾਣੀ ਦਾ ਪੱਧਰ ਵਧ ਸਕਦਾ ਹੈ ਜਿਸ ਤਹਿਤ ਡੈਮ ਵਿੱਚੋਂ ਸ਼ਾਹ ਨਹਿਰ ਬੈਰਾਜ ਅਤੇ ਅੱਗੇ ਬਿਆਸ ਦਰਿਆ ਵਿੱਚ ਪਾਣੀ ਛੱਡਣ ਦੀ ਸੰਭਾਵਨਾ ਹੈ। ਇਸ ਸੰਭਾਵੀ ਖਤਰੇ ਦੇ ਮੱਦੇਨਜ਼ਰ ਹੀ ਬੀਬੀਐੱਮਬੀ ਨੇ ਅਗਾਊਂ ਐਡਵਾਇਜ਼ਰੀ ਜਾਰੀ ਕੀਤੀ ਹੈ। ਨਹਿਰੀ ਵਿਭਾਗ ਨੇ ਸਥਾਨਕ ਪੌਂਗ ਡੈਮ ਅਧੀਨ ਪੈਂਦੇ ਜ਼ਿਲ੍ਹਾ ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਡਿਪਟੀ ਕਮਿਸ਼ਨਰ, ਸਬ ਡਿਵੀਜ਼ਨਲ ਮੈਜਿਸਟਰੇਟ ਮੁਕੇਰੀਆਂ, ਦਸੂਹਾ ਅਤੇ ਜ਼ਿਲ੍ਹਾ ਕਾਂਗੜਾ ਦੇ ਜਵਾਲੀ, ਨੂਰਪੁਰ, ਫਤਹਿਪੁਰ, ਇੰਦੌਰਾ ਦੇ ਐੱਸਡੀਐੱਮ ਤੇ ਸਬੰਧਤ ਥਾਣਾ ਮੁਖੀਆਂ ਨੂੰ ਅਗਾਊਂ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।