DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡੈਮਾਂ ’ਚ ਪਾਣੀ ਘਟਿਆ, ਦਰਿਆਵਾਂ ’ਚ ਵਧਿਆ

ਕੲੀ ਥਾਵਾਂ ’ਤੇ ਤੇਜ਼ ਮੀਂਹ ਅਤੇ ਹਵਾਵਾਂ ਨੇ ਫ਼ਸਲ ਵਿਛਾਈ; ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਦਾ ਅਨੁਮਾਨ; ਰਾਵੀ ਨੇੜਲੇ ਪਿੰਡ ਮੁੜ ਹਰਕਤ ’ਚ ਆਏ

  • fb
  • twitter
  • whatsapp
  • whatsapp
featured-img featured-img
ਮਾਨਸਾ ਨੇੜੇ ਪਿੰਡ ਠੂਠਿਆਂਵਾਲੀ ’ਚ ਮੀਂਹ ਅਤੇ ਝੱਖੜ ਕਾਰਨ ਧਰਤੀ ’ਤੇ ਵਿਛਿਆ ਝੋਨਾ। -ਫੋਟੋ: ਮਾਨ
Advertisement

ਦਰਿਆਵਾਂ ’ਚ ਪਾਣੀ ਛੱਡਣ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਘੱਟ ਗਿਆ ਹੈ। ਸੋਮਵਾਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜ਼ਰ ਡੈਮਾਂ ਨੂੰ ਪਹਾੜਾਂ ’ਚੋਂ ਆਉਣ ਵਾਲੇ ਪਾਣੀ ਨੂੰ ਸੰਭਾਲਣ ਵਾਸਤੇ ਤਿਆਰ ਕੀਤਾ ਗਿਆ ਹੈ। ਪੰਜਾਬ ਲਈ ਸੋਮਵਾਰ ਦਾ ਦਿਨ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਮੌਸਮ ਵਿਭਾਗ ਨੇ ਭਲਕੇ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਕਿਤੇ ਕਿਤੇ ਗੜੇਮਾਰੀ ਹੋਣ ਦਾ ਵੀ ਅਨੁਮਾਨ ਲਗਾਇਆ ਹੈ। ਬੀਤੀ ਰਾਤ ਪੰਜਾਬ ਦੇ ਨੌਂ ਜ਼ਿਲ੍ਹਿਆਂ ’ਚ ਕਾਫ਼ੀ ਬਾਰਸ਼ ਹੋਈ ਹੈ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਝੋਨੇ ਦੀ ਖੜ੍ਹੀ ਫ਼ਸਲ ਕਈ ਥਾਵਾਂ ’ਤੇ ਵਿਛ ਗਈ ਹੈ।

ਵੇਰਵਿਆਂ ਅਨੁਸਾਰ ਜੰਮੂ ਕਸ਼ਮੀਰ ’ਚ ਅੱਜ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਅਤੇ 6 ਤੋਂ 8 ਅਕਤੂਬਰ ਤੱਕ ਪੰਜਾਬ ਦੇ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦੇ ਕੈਚਮੈਂਟ ਖੇਤਰਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਰਾਵੀ ਦਰਿਆ ਦੇ ਖੇਤਰ ’ਚ ਆਉਂਦੇ ਤਿੰਨ ਦਿਨਾਂ ਦੌਰਾਨ 123 ਮਿਲੀਮੀਟਰ, ਬਿਆਸ ਦਰਿਆ ਦੇ ਖੇਤਰ ’ਚ 116 ਮਿਲੀਮੀਟਰ ਅਤੇ ਸਤਲੁਜ ਦਰਿਆ ਦੇ ਖੇਤਰ ’ਚ 18 ਮਿਲੀਮੀਟਰ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਬੀਤੀ 2 ਅਕਤੂਬਰ ਤੋਂ ਡੈਮਾਂ ਤੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ 9 ਫੁੱਟ ਹੇਠਾਂ ਆ ਗਿਆ ਹੈ।

Advertisement

ਭਾਖੜਾ ਡੈਮ ਅਤੇ ਪੌਂਗ ਡੈਮ ’ਚ ਬੀਤੇ ਚਾਰ ਦਿਨਾਂ ’ਚ ਪਾਣੀ ਦਾ ਪੱਧਰ ਦੋ-ਦੋ ਫੁੱਟ ਹੇਠਾਂ ਆ ਗਿਆ ਹੈ। ਭਾਖੜਾ ਡੈਮ ’ਚੋਂ ਕਰੀਬ 43 ਹਜ਼ਾਰ ਅਤੇ ਪੌਂਗ ਡੈਮ ’ਚੋਂ 49 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਰਣਜੀਤ ਸਾਗਰ ਡੈਮ ’ਚੋਂ 27,720 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਸੋਮਵਾਰ ਨੂੰ ਸਭ ਤੋਂ ਵੱਧ ਬਾਰਸ਼ ਦਾ ਅਨੁਮਾਨ ਲਾਇਆ ਗਿਆ ਹੈ ਜਿਸ ਕਾਰਨ ਦਰਿਆਵਾਂ ਨੇੜਲੇ ਪਿੰਡਾਂ ਦੇ ਲੋਕਾਂ ’ਚ ਖ਼ੌਫ਼ ਦਾ ਮਾਹੌਲ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਰਾਵੀ ਦਰਿਆ ਦੇ ਆਸ-ਪਾਸ ਦੇ ਖੇਤਰਾਂ ਦਾ ਜਾਇਜ਼ਾ ਲਿਆ। ਰਾਵੀ ਦਰਿਆ ਦੇ ਆਸ-ਪਾਸ ਦੇ ਖੇਤਰਾਂ ਦੇ ਲੋਕ ਆਪਣੇ ਬਚਾਅ ਲਈ ਮੁੜ ਪ੍ਰਬੰਧ ਕਰਨ ਲੱਗ ਪਏ ਹਨ। ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਹੁਤੇ ਪਿੰਡਾਂ ’ਚ ਲੋਕਾਂ ਨੇ ਛੱਤਾਂ ’ਤੇ ਸਮਾਨ ਰੱਖ ਲਿਆ ਹੈ। ਜਾਣਕਾਰੀ ਅਨੁਸਾਰ ਪਹਿਲਾਂ ਆਏ ਹੜ੍ਹ ਦੌਰਾਨ ਰਾਵੀ ਦਰਿਆ ’ਚ 55 ਬੰਨ੍ਹ ਟੁੱਟੇ ਸਨ ਜਿਨ੍ਹਾਂ ’ਚੋਂ ਕਾਫ਼ੀ ਬੰਨ੍ਹ ਹਾਲੇ ਤੱਕ ਉਸਾਰੇ ਨਹੀਂ ਜਾ ਸਕੇ ਹਨ।

Advertisement

ਇਸ ਦੌਰਾਨ ਸੂਬੇ ’ਚ ਝੋਨੇ ਦੀ ਵਾਢੀ ਨੇ ਰਫ਼ਤਾਰ ਫੜ ਲਈ ਹੈ ਅਤੇ ਫ਼ਸਲ ਪੱਕੀ ਖੜ੍ਹੀ ਹੈ। ਸ਼ੁੱਕਰਵਾਰ ਤੱਕ ਸੱਤ ਫ਼ੀਸਦੀ ਝੋਨੇ ਦੀ ਕਟਾਈ ਹੋਈ ਸੀ। ਹੜ੍ਹਾਂ ਦੇ ਮੁੜ ਖ਼ਤਰੇ ਨੂੰ ਦੇਖਦਿਆਂ ਕਿਸਾਨਾਂ ਨੇ ਵਾਢੀ ਦੀ ਰਫ਼ਤਾਰ ਵਧਾ ਦਿੱਤੀ ਹੈ ਪ੍ਰੰਤੂ ਬੀਤੀ ਰਾਤ ਕਰੀਬ ਨੌਂ ਜ਼ਿਲ੍ਹਿਆਂ ’ਚ ਪਏ ਮੀਂਹ ਕਾਰਨ ਵਾਢੀ ਦਾ ਕੰਮ ਰੁਕਣ ਦਾ ਖ਼ਦਸ਼ਾ ਹੈ। ਫ਼ਿਰੋਜ਼ਪੁਰ ਤੇ ਫ਼ਰੀਦਕੋਟ ਜ਼ਿਲ੍ਹਿਆਂ ’ਚ ਤਾਂ ਤੇਜ਼ ਹਵਾਵਾਂ ਚੱਲਣ ਕਰਕੇ ਝੋਨੇ ਦੀ ਫ਼ਸਲ ਖੇਤਾਂ ’ਚ ਵਿਛ ਗਈ। ਫ਼ਰੀਦਕੋਟ ਅਤੇ ਖੰਨਾ ਸਮੇਤ ਦਰਜਨਾਂ ਮੰਡੀਆਂ ਵਿੱਚ ਮੀਂਹ ਦੇ ਪਾਣੀ ਕਾਰਨ ਫ਼ਸਲ ਵੀ ਭਿੱਜ ਗਈ ਹੈ।

ਵੇਰਵਿਆਂ ਅਨੁਸਾਰ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਬੀਤੀ ਰਾਤ ਸਭ ਤੋਂ ਵੱਧ 48 ਮਿਲੀਮੀਟਰ ਬਾਰਸ਼ ਹੋਈ ਹੈ ਜਦੋਂ ਕਿ ਫ਼ਰੀਦਕੋਟ ਜ਼ਿਲ੍ਹੇ ’ਚ 27.6 ਅਤੇ ਰੋਪੜ ਜ਼ਿਲ੍ਹੇ ’ਚ 14.5 ਮਿਲੀਮੀਟਰ ਮੀਂਹ ਪਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ’ਚ 10.4 ਮਿਲੀਮੀਟਰ, ਪਠਾਨਕੋਟ ’ਚ ਪੰਜ ਅਤੇ ਗੁਰਦਾਸਪੁਰ ’ਚ 5.8 ਮਿਲੀਮੀਟਰ ਮੀਂਹ ਪਿਆ ਹੈ। ਸੋਮਵਾਰ ਨੂੰ ਗੜੇਮਾਰੀ ਹੋਣ ਦੇ ਅਨੁਮਾਨ ਕਰਕੇ ਕਿਸਾਨ ਡਰੇ ਹੋਏ ਹਨ। ਹੜ੍ਹਾਂ ’ਚ ਪਹਿਲਾਂ ਹੀ ਕਰੀਬ ਪੰਜ ਲੱਖ ਏਕੜ ਫ਼ਸਲ ਨੁਕਸਾਨੀ ਜਾ ਚੁੱਕੀ ਹੈ। ਝੋਨੇ ਦੀ ਫ਼ਸਲ ਨੂੰ ਪਏ ਹਲਦੀ ਰੋਗ ਨੇ ਵੀ ਫ਼ਸਲ ਪ੍ਰਭਾਵਿਤ ਕੀਤੀ ਹੈ।

ਭਾਖੜਾ ਡੈਮ ਦੇ ਗੇਟ ਇੱਕ ਫੁੱਟ ਖੋਲ੍ਹੇ

ਨੰਗਲ (ਬਲਵਿੰਦਰ ਰੈਤ): ਭਾਖੜਾ ਡੈਮ ਦੇ ਗੇਟ ਅੱਜ ਵੀ ਇੱਕ ਫੁੱਟ ਖੁੱਲ੍ਹੇ ਰਹੇ। ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ 21500 ਕਿਉੂਸਕ ਪਾਣੀ ਛੱਡਣ ਨਾਲ ਬੇਲਿਆਂ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਪਿੰਡ ਬੇਲਾ ਧਿਆਨੀ, ਬੇਲਾ ਰਾਮਗੜ੍ਹ, ਪੱਤੀ ਦਰਗਾਹੀਂ, ਪੱਤੀ ਟੇਕ ਸਿੰਘ, ਪੱਤੀ ਦੁਲਚੀ, ਕਲਿੱਤਰਾਂ, ਹਰਸਾ ਬੇਲਾ ਸਮੇਤ ਦਰਜਨ ਪਿੰਡਾਂ ਦੇ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਪਿੰਡ ਦਰਗਾਹੀ ਦੇ ਕਿਸਾਨ ਹਰਪਾਲ ਸਿੰਘ ਦਰਗਾਹੀਂ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਭਾਵੇਂ ਫ਼ਸਲਾਂ ਦੀ ਗਿਰਦਾਵਰੀ ਕੀਤੀ ਗਈ ਹੈ ਪਰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਾਣੀ ਦਾਖ਼ਲ ਹੋਣ ਕਾਰਨ ਝੋਨਾ, ਮੱਕੀ, ਕਮਾਦ ਅਤੇ ਪਾਪੂਲਰ ਦੇ ਦਰੱਖਤਾਂ ਨੂੰ ਵੀ ਨਕਸਾਨ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਜੇ ਹੋਰ ਮੀਂਹ ਪਿਆ ਤਾਂ ਬੇਲਿਆਂ ਦੇ ਲੋਕ ਦੁਬਾਰਾ ਮੁਸ਼ਕਲਾਂ ਵਿੱਚ ਘਿਰ ਜਾਣਗੇ।

Advertisement
×