ਪਾਣੀ ਬਹੁਤ ਵੱਧ ਗਿਆ; ਬਾਹਰ ਆ ਜਾਓ: ਡੀਸੀ ਨੇ ਹੱਥ ਜੋੜ ਲੋਕਾਂ ਨੂੰ ਕੀਤੀ ਅਪੀਲ
ਹੂਸੈਨੀਵਾਲਾ ਤੋਂ ਪਾਣੀ ਵੱਡੀ ਮਾਤਰਾ ਵਿੱਚ ਛੱਡੇ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਨਾਉਂਸਮੈਂਟ ਰਾਹੀਂ ਸਰਹੱਦੀ ਪਿੰਡਾਂ ਵਿੱਚ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਪਿੰਡਾਂ ਤੇ ਘਰਾਂ ਨੂੰ ਛੱਡ ਕੇ ਬਾਹਰ ਆ ਜਾਣ ਪ੍ਰੰਤੂ ਪਿੰਡਾਂ ਅਤੇ ਢਾਣੀਆਂ ਦੇ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ।
ਇਨ੍ਹਾਂ ਹਲਾਤਾਂ ਨੂੰ ਦੇਖਦਿਆਂ ਖੁਦ ਡੀਸੀ ਅਮਰਪ੍ਰੀਤ ਕੌਰ ਸੰਧੂ ਨੇ ਆਪਣੇ ਨਾਲ ਜ਼ਿਲ੍ਹਾ ਪੁਲੀਸ ਮੁਖੀ ਗੁਰਮੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਲੈ ਕੇ ਬੇੜੀ ਰਾਹੀ ਸਰਹੱਦੀ ਪਿੰਡਾਂ ਅਤੇ ਢਾਣੀਆਂ ’ਤੇ ਜਾ ਕੇ ਲੋਕਾਂ ਨੂੰ ਹੱਥ ਜੋੜ ਕੇ ਛੋਟੇ ਲਾਉਡ ਸਪੀਕਰ ਰਾਹੀਂ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚੋਂ ਬਾਹਰ ਆ ਜਾਣ ਕਿਉਂਕਿ ਹੁਣ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਖਤਰੇ ਤੋਂ ਖਾਲੀ ਨਹੀਂ ਹੈ।
ਪ੍ਰਸ਼ਾਸਨ ਲਗਾਤਾਰ ਸਰਹੱਦੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਅਪੀਲ ਕਰ ਰਿਹਾ ਹੈ ਅਤੇ ਹੁਣ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੁਰੰਤ ਪ੍ਰਸ਼ਾਸਨ ਦੀ ਗੱਲ ਮੰਨ ਕੇ ਰਾਹਤ ਕੈਂਪਾਂ ਵਿੱਚ ਪਹੁੰਚ ਕੇ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਬਚਾਉਣ ਦਾ ਕੰਮ ਕਰਨਾ ਚਾਹੀਦਾ ਹੈ।