ਪਠਾਨਕੋਟ ਜ਼ਿਲ੍ਹੇ ’ਚ ਦਰਿਆਵਾਂ ਤੇ ਖੱਡਾਂ ਦੇ ਪਾਣੀ ਨੇ ਮਚਾਈ ਤਬਾਹੀ; ਕਥਲੌਰ ’ਚ ਧੁੱਸੀ ਬੰਨ੍ਹ ਟੁੱਟਿਆ
ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਰਣਜੀਤ ਸਾਗਰ ਡੈਮ ਅੰਦਰ ਵੀ ਪਾਣੀ ਦਾ ਪੱਧਰ ਵਧ ਗਿਆ ਅਤੇ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ, ਜਿਸ ਦੇ ਚੱਲਦਿਆਂ 2 ਦਿਨਾਂ ਤੋਂ ਰਣਜੀਤ ਸਾਗਰ ਡੈਮ ਤੋਂ ਫਲੱਡ ਗੇਟ ਖੋਲ੍ਹ ਕੇ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਅੱਜ 1 ਲੱਖ 10 ਹਜ਼ਾਰ ਤੋਂ ਵੱਧ ਮਾਧੋਪੁਰ ਦੀ ਤਰਫ ਛੱਡਿਆ ਗਿਆ। ਇਸ ਦੇ ਇਲਾਵਾ ਉਝ ਦਰਿਆ, ਜਲਾਲੀਆ, ਤਰਨਾਹ, ਮੱਘਰ ਖੱਡ ਅਤੇ ਰਾਵੀ ਦਰਿਆਵਾਂ ਵਿੱਚ
ਪਾਣੀ ਭਾਰੀ ਉਛਾਲ ਆਇਆ, ਜਿਸ ਕਾਰਨ ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ। ਖਾਸ ਤੌਰ ਤੇ ਰਾਵੀ ਦਰਿਆ ਦਾ ਪਾਣੀ ਕਥਲੌਰ ਲਾਗੇ ਧੁੱਸੀ ਬੰਨ੍ਹ ਨੂੰ ਪਾਰ ਕਰਦਾ ਹੋਇਆ ਕੋਹਲੀਆਂ, ਪੰਮਾ ਆਦਿ ਦਰਜਨ ਭਰ ਪਿੰਡਾਂ ਵਿੱਚ ਜਾ ਵੜਿਆ ਅਤੇ ਲੋਕ ਸਵੇਰ ਵੇਲੇ ਹੀ ਪਾਣੀ ਵਿੱਚ ਫਸ ਗਏ। ਇਸ ਦੇ ਇਲਾਵਾ ਰਾਵੀ ਪਾਰ ਦੇ 80 ਪਿੰਡਾਂ ’ਚ ਵੀ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ। ਮਾਧੋਪੁਰ ਵਿਖੇ ਹੈੱਡਵਰਕਸ ਤੋਂ ਰਣਜੀਤ ਸਾਗਰ ਡੈਮ ਅਤੇ ਖੱਡਾਂ ਦਾ ਕਰੀਬ 2 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਜਦ ਕਿ ਉਝ ਦਰਿਆ ਵਿੱਚ 2 ਲੱਖ ਕਿਊਸਿਕ ਤੋਂ ਵੀ ਉਪਰ ਪਾਣੀ ਆਇਆ। ਇਸੇ ਤਰ੍ਹਾਂ ਤਰਨਾਹ ਦਰਿਆ ਵਿੱਚ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਦਰਜ ਹੋਇਆ। ਹਾਲਤ ਜ਼ਿਆਦਾ ਨਾਜ਼ੁਕ ਬਣਨ ਨਾਲ ਆਰਮੀ ਦੇ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ ਗਈਆਂ ਅਤੇ ਰਾਜਪੁਰਾ ਪਿੰਡ ਕੋਲ ਰਾਵੀ ਦਰਿਆ ਵਿੱਚੋਂ ਘਰਾਂ ਦੀਆਂ ਛੱਤਾਂ ਤੇ ਚੜ੍ਹੇ ਹੋਏ 2 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸੇ ਤਰ੍ਹਾਂ ਹੈਲੀਕਾਪਟਰ ਰਾਹੀਂ ਕੱਜਲੇ ਪਿੰਡ ਵਿੱਚੋਂ 8 ਵਿਅਕਤੀਆਂ ਨੂੰ ਅਤੇ ਲਸਿਆਣ ਪਿੰਡ ਵਿੱਚੋਂ 2 ਪਰਵਾਸੀ ਮਜ਼ਦੂਰਾਂ ਵਿਦਿਆ ਸਾਗਰ ਤੇ ਰਾਧੇ ਸ਼ਿਆਮ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਦਕਿ ਤਾਸ਼ ਪਿੰਡ ਵਿੱਚ 8 ਦੇ ਕਰੀਬ ਪਰਿਵਾਰਕ ਮੈਂਬਰ ਘਰਾਂ ਵਿੱਚ ਪਾਣੀ ਆ ਜਾਣ ਨਾਲ ਛੱਤਾਂ ਤੇ ਚੜ੍ਹੇ ਰਹੇ ਤੇ ਅੱਜ 8 ਘੰਟੇ ਬਾਅਦ ਉਨ੍ਹਾਂ ਨੂੰ ਐੱਨਡੀਆਰਐੱਫ ਦੀ ਟੀਮ ਨੇ ਕਿਸ਼ਤੀ ਲਿਜਾ ਕੇ ਸੁਰੱਖਿਅਤ ਬਾਹਰ ਕੱਢਿਆ।
ਇੱਕ ਅੰਦਾਜ਼ੇ ਅਨੁਸਾਰ ਮਕੌੜਾ ਪੱਤਨ ਦੇ ਪਾਰ ਪੈਂਦੇ ਪਿੰਡਾਂ ਵਿੱਚ 150 ਤੋਂ ਵੱਧ ਲੋਕ ਪਾਣੀ ਵਿੱਚ ਘਿਰੇ ਹੋਏ ਹਨ, ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਜੈਨਪੁਰ ਕੁੱਕੜ ਪਿੰਡ ਵਿੱਚ ਵੀ 40 ਤੋਂ ਵੱਧ ਲੋਕ ਫਸੇ ਹੋਏ ਹਨ। ਇਸੇ ਤਰ੍ਹਾਂ ਮੱਟੀਕੋਟ ਪਿੰਡ ਵਿੱਚ ਵੀ ਦਰਜਨ ਦੇ ਕਰੀਬ ਲੋਕ ਪਾਣੀ ਵਿੱਚ ਘਿਰੇ ਹੋਏ ਹਨ। ਘਿਰੇ ਹੋਏ ਲੋਕਾਂ ਵਿੱਚ ਜ਼ਿਆਦਾ ਗਿਣਤੀ ਗੁੱਜਰਾਂ ਦੀ ਹੈ ਕਿਉਂਕਿ ਉਨ੍ਹਾਂ ਨੇ ਦਰਿਆਵਾਂ ਦੇ ਕੰਢੇ ਨੀਵੀਂਆਂ ਥਾਵਾਂ ਤੇ ਛੰਨ ਤੇ ਕੁੱਲੇ ਬਣਾਏ ਹੋਏ ਹਨ। ਬਮਿਆਲ ਵਿਖੇ 15 ਦੇ ਕਰੀਬ ਗੁੱਜਰ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਆਈਟੀਆਈ ਬਮਿਆਲ ਵਿਖੇ ਰਾਹਤ ਕੈਂਪ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੇ ਡੰਗਰ ਵੀ ਬਾਹਰ ਹੀ ਖੜ੍ਹੇ ਹਨ। ਕਾਫੀ ਗੁੱਜਰ ਪਰਿਵਾਰ ਜੰਮੂ-ਕਸ਼ਮੀਰ ਦੇ ਨਗਰੀ ਵੱਲ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਹਨ ਜਦ ਕਿ ਬਾਕੀਆਂ ਨੂੰ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ।
ਹੜ੍ਹਾਂ ਦੀ ਨਾਜ਼ੁਕ ਬਣੀ ਸਥਿਤੀ ਨੂੰ ਦੇਖਦੇ ਹੋਏ 2 ਕੈਬਨਿਟ ਮੰਤਰੀਆਂ ਲਾਲ ਚੰਦ ਕਟਾਰੂਚੱਕ ਅਤੇ ਬਰਿੰਦਰ ਗੋਇਲ ਨੇ ਭੋਆ ਹਲਕੇ ਅੰਦਰ ਦੌਰਾ ਕੀਤਾ ਅਤੇ
ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਮੰਤਰੀ ਨੇ ਤੁਰੰਤ ਰਾਹਤ ਕੈਂਪ ਖੁੱਲ੍ਹਵਾ ਦਿੱਤੇ ਅਤੇ ਲੋਕਾਂ ਨੂੰ ਤਰਪਾਲਾਂ, ਫਰੂਟ ਅਤੇ ਹੋਰ ਵਸਤਾਂ ਮੁਹਈਆ ਕਰਵਾਈਆਂ। ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤੜ੍ਹਕੇ 5 ਵਜੇ ਹੀ ਇੱਕ ਫੌਜੀ ਦਾ ਫੋਨ ਆਇਆ ਕਿ ਉਹ ਤਾਂ ਜੰਮੂ-ਕਸ਼ਮੀਰ ਵਿੱਚ ਡਿਊਟੀ ਤੇ ਤਾਇਨਾਤ ਹੈ ਪਰ ਉਸ ਦੀ ਪਤਨੀ ਜਿਸ ਦਾ ਆਪਰੇਸ਼ਨ ਹੋਇਆ ਹੈ, ਆਪਣੇ ਬੱਚੇ ਨਾਲ ਮਾਖਣਪੁਰ ਅੰਦਰ ਸਹੁਰੇ ਘਰ ਪਾਣੀ ਵਿੱਚ ਘਿਰੀ ਹੋਈ ਹੈ। ਇਸੇ ਤਰ੍ਹਾਂ ਤਾਸ਼ ਪਿੰਡ ਤੋਂ ਵੀ ਕਈ ਫੋਨ ਆਏ। ਉਨ੍ਹਾਂ ਨੇ ਮੁੱਖ ਮੰਤਰੀ ਦਫਤਰ ਫੋਨ ਤੇ ਰਾਬਤਾ ਕਾਇਮ ਕੀਤਾ ਅਤੇ ਪੰਜਾਬ ਦੇ ਮੁੱਖ ਸਕੱਤਰ ਨਾਲ ਗੱਲ ਕੀਤੀ ਕਿ ਹੈਲੀਕਾਪਟਰ ਮੁਹਈਆ ਕਰਵਾਇਆ ਜਾਵੇ। ਮੁੱਖ ਸਕੱਤਰ ਨੇ ਆਰਮੀ ਨਾਲ ਗੱਲ ਕਰਕੇ ਬਾਅਦ ਦੁਪਹਿਰ ਹੈਲੀਕਾਪਟਰ ਮੁਹਈਆ ਕਰਵਾ ਦਿੱਤਾ। ਜਦ ਕਿ ਐਨਡੀਆਰਐਫ ਦੀਆਂ ਟੀਮਾਂ ਨਾਲ ਵੀ ਘਿਰੇ ਲੋਕਾਂ ਨੂੰ ਉਨ੍ਹਾਂ ਸੁਰੱਖਿਅਤ ਬਾਹਰ ਕਢਵਾਇਆ। ਉਨ੍ਹਾਂ ਕਿਹਾ ਕਿ ਨਰੋਟ ਜੈਮਲ ਸਿੰਘ ਦੇ ਸਰਕਾਰੀ ਸਕੂਲ ਵਿੱਚ ਅਤੇ ਤਾਰਾਗੜ੍ਹ ਵਿਖੇ 2 ਥਾਵਾਂ ਤੇ ਉਨ੍ਹਾਂ ਆਪਣੇ ਖਰਚੇ ਤੇ ਲੋਕਾਂ ਦੇ ਲਈ 24 ਘੰਟੇ ਲੰਗਰ ਮੁਹਈਆ ਕਰਵਾ ਦਿੱਤਾ ਹੈ। ਦੋਨੋਂ ਮੰਤਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਜ਼ਰੂਰਤ ਨਹੀਂ ਅਤੇ ਹਰ ਤਰ੍ਹਾਂ ਡੁੱਬੀਆਂ ਫਸਲਾਂ ਤੇ ਖਰਾਬ ਹੋ ਰਹੇ ਸਮਾਨ ਦਾ ਮੁਆਵਜ਼ਾ ਦਿਵਾਇਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਬਚਾਅ ਪ੍ਰਬੰਧਾਂ ਵਿੱਚ ਲੱਗਾ ਹੋਇਆ ਹੈ। ਜਲੰਧਰ ਵਿੱਚ ਪੰਜਾਬ ਪੱਧਰ ਦਾ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇੰਚਾਰਜ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਆਦਿੱਤਿਆ ਉਪਲ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹੇ ਭਰ ਦੇ ਸਕੂਲਾਂ, ਕਾਲਜਾਂ ਵਿੱਚ 27-28 ਅਗਸਤ ਦੀ ਛੁੱਟੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਰਾਧਾ ਸਵਾਮੀ ਸਤਸੰਗ ਘਰਾਂ ਪਠਾਨਕੋਟ (ਡਲਹੌਜ਼ੀ ਰੋਡ) ਅਤੇ ਗੋਸਾਈਂਪੁਰ ਵਿਖੇ 2 ਸਰਨਾਰਥੀ ਕੈਂਪ ਬਣਾਏ ਗਏ ਹਨ ਤੇ ਉਥੇ ਹਰ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਜਦ ਕਿ ਸਰਹੱਦੀ ਖੇਤਰ ਅੰਦਰ ਦਰਜਨ ਤੋਂ ਵੱਧ ਰਾਹਤ ਕੇਂਦਰ ਖੋਲ੍ਹੇ ਗਏ ਹਨ ਤੇ ਉਥੇ ਹਰ ਤਰ੍ਹਾਂ ਦੀ ਮੈਡੀਕਲ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਰੇਲਵੇ ਵਿਭਾਗ ਨੇ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਦਰਿਆ ਤੇ ਬਣੇ ਹੋਏ ਰੇਲਵੇ ਦੇ ਪੁਲ ਨੰਬਰ 232 ਡਾਊਨ ਲਾਈਨ ਨੂੰ ਅਸਥਾਈ ਤੌਰ ਤੇ ਇਤਿਆਹਤ ਵੱਜੋਂ ਬੰਦ ਕਰ ਦਿੱਤਾ ਹੈ ਅਤੇ ਜੰਮੂ-ਕਟੜਾ ਤੋਂ ਦਿੱਲੀ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦਾ ਰੂਟ ਪਠਾਨਕੋਟ ਕੈਂਟ ਰਾਹੀਂ ਹੋ ਕੇ ਅੰਮ੍ਰਿਤਸਰ, ਬਿਆਸ, ਜਲੰਧਰ ਰਾਹੀਂ ਡਾਈਵਰਟ ਕਰ ਦਿੱਤਾ ਹੈ। ਜਦ ਕਿ ਦਿੱਲੀ ਦੀ ਤਰਫੋਂ ਆਉਣ ਵਾਲੀਆਂ ਗੱਡੀਆਂ ਚੱਕੀ ਦਰਿਆ ਤੇ ਬਣੇ ਦੂਸਰੇ ਰੇਲਵੇ ਪੁਲ ਰਾਹੀਂ ਰੋਜ਼ਾਨਾਂ ਦੀ ਤਰ੍ਹਾਂ ਆਉਣਗੀਆਂ।