ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਾਣੀ ਨਿਕਾਸੀ ਵਿਵਾਦ: ਪ੍ਰਸ਼ਾਸਨ ਨੇ ਖੁਲ੍ਹਵਾਇਆ ਕੌਂਸਲ ਦਫ਼ਤਰ ਦਾ ਤਾਲਾ

ਕੌਂਸਲ ਪ੍ਰਧਾਨ ਕਾਰਵਾਈ ਕਰਵਾਉਣ ’ਤੇ ਅੜਿਆ; ਸੁਣਵਾੲੀ ਨਾ ਹੋਣ ’ਤੇ ਹਾੲੀ ਕੋਰਟ ਜਾਣ ਦੀ ਚਿਤਾਵਨੀ ਦਿੱਤੀ
ਡੀਐੱਸਪੀ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਤੇ ਹੋਰ।
Advertisement

ਬਲਵਿੰਦਰ ਸਿੰਘ ਹਾਲੀ

ਸ਼ਹਿਰ ਦੇ ਪਾਣੀ ਦੇ ਨਿਕਾਸ ਦਾ ਵਿਵਾਦ ਭਖਣ ਦੇ ਆਸਾਰ ਬਣੇ ਹੋਏ ਹਨ। ਦੂਜੇ ਦਿਨ ਨਗਰ ਕੌਂਸਲ ਦੇ ਦਫ਼ਤਰ ਨੂੰ ਲਗਾਇਆ ਤਾਲਾ ਤਾਂ ਭਾਵੇਂ ਪ੍ਰਸ਼ਾਸਨ ਨੇ ਖੁਲ੍ਹਵਾ ਦਿੱਤਾ ਹੈ ਪਰ ਕੌਂਸਲ ਪ੍ਰਧਾਨ ਤਾਲਾ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ’ਤੇ ਅੜਿਆ ਹੋਇਆ ਹੈ। ਅੱਜ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਕੁਮਾਰ ਜੋਸ਼ੀ ਅਤੇ ਹੋਰਾਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਆਪਣੇ ਸਮਰਥਕ ਕੌਂਸਲਰਾਂ ਨਾਲ ਡੀਐੱਸਪੀ ਦਫ਼ਤਰ ਪਹੁੰਚੇ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਕਿਹਾ ਕਿ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਆਵਾਜ਼ ਨਾ ਸੁਣੀ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

Advertisement

ਸੋਮਵਾਰ ਨੂੰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਤੰਤਰ ਜੋਸ਼ੀ ਨੇ ਆਪਣੇ ਦਰਜਨ ਦੇ ਕਰੀਬ ਸਮਰਥਕਾਂ ਨਾਲ ਨਗਰ ਕੌਂਸਲ ਦਫ਼ਤਰ ਨੂੰ ਇਹ ਕਹਿ ਕੇ ਤਾਲਾ ਲਗਾ ਦਿੱਤਾ ਸੀ ਕਿ ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਪਿਛਲੇ ਪੰਜ ਦਿਨਾਂ ਤੋਂ ਬਰਸਾਤੀ ਪਾਣੀ ਦਾ ਨਿਕਾਸ ਕਰਵਾਉਣ ਵਿੱਚ ਨਗਰ ਕੌਂਸਲ ਫੇਲ੍ਹ ਹੋਈ ਹੈ। ਉਨ੍ਹਾਂ ਕੌਂਸਲ ਦਫ਼ਤਰ ਅੱਗੇ ਧਰਨਾ ਵੀ ਲਗਾਇਆ ਸੀ। ਕੌਂਸਲ ਪ੍ਰਧਾਨ ਵੱਲੋਂ ਇਸ ਬਾਰੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਮਗਰੋਂ ਮੰਗਲਵਾਰ ਨੂੰ ਨਾਇਬ ਤਹਿਸੀਲਦਾਰ ਨੇ ਮੌਕੇ ’ਤੇ ਪਹੁੰਚ ਕੇ ਤਾਲਾ ਖੁਲ੍ਹਵਾਇਆ ਅਤੇ ਧਰਨੇ ’ਤੇ ਬੈਠੇ ਸੀਨੀਅਰ ਮੀਤ ਪ੍ਰਧਾਨ ਤੇ ਉਨ੍ਹਾਂ ਦੇ ਸਮਰਥਕਾਂ ਦੀ ਮੀਟਿੰਗ 17 ਜੁਲਾਈ ਨੂੰ ਡਿਪਟੀ ਕਮਿਸ਼ਨਰ ਨਾਲ ਤੈਅ ਕਰਵਾਈ।

ਇਸ ਮਗਰੋਂ ਡੀਐੱਸਪੀ ਦਫ਼ਤਰ ਕੋਟਕਪੂਰਾ ਵਿੱਚ ਪਹੁੰਚੇ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਪਾਣੀ ਦਾ ਨਿਕਾਸ ਦੋ ਹਿੱਸਿਆਂ ਰਾਹੀਂ ਕੀਤਾ ਜਾ ਰਿਹਾ ਹੈ ਅਤੇ ਇਹ ਸਮੱਸਿਆ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਨਿਕਾਸੀ ਨਾਲੇ ਨੂੰ ਚੌੜਾ ਕਰਨ ਅਤੇ ਸੀਵਰੇਜ ਦੀ ਸਫ਼ਾਈ ਕਰਵਾਉਣ ਦਾ ਪ੍ਰਾਜੈਕਟ 30 ਕਰੋੜ ਰੁਪਏ ਦੇ ਕਰੀਬ ਦਾ ਹੈ, ਜਿਸ ਬਾਰੇ ਹਾਊਸ ਨੇ ਮਤਾ ਪਾ ਕੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਸਰਕਾਰ ਨੂੰ ਭੇਜਿਆ ਹੋਇਆ ਹੈ।

ਪੁਲੀਸ ਕੋਲ ਕੋਈ ਸ਼ਿਕਾਇਤ ਨਹੀਂ ਆਈ: ਡੀਐੱਸਪੀ

ਡੀਐੱਸਪੀ (ਕੋਟਕਪੂਰਾ) ਜਤਿੰਦਰ ਸਿੰਘ ਨੇ ਕਿਹਾ ਕਿ ਕੌਂਸਲ ਦਫ਼ਤਰ ਨੂੰ ਤਾਲਾ ਲਗਾਏ ਜਾਣ ਬਾਰੇ ਹਾਲੇ ਤੱਕ ਉਨ੍ਹਾਂ ਨੂੰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਜੇ ਕੋਈ ਸਰਕਾਰੀ ਕਰਮਚਾਰੀ ਸ਼ਿਕਾਇਤ ਦੇਵੇਗਾ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement