ਪਾਣੀ ਦੀ ਮਾਰ: ਸਤਲੁਜ ਨੇ ਖੇਤੀ ਜੋਗੇ ਵੀ ਨਾ ਛੱਡੇ ਸਰਹੱਦੀ ਕਿਸਾਨ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 16 ਜੁਲਾਈ
ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡਾਂ ’ਚ ਹੜ੍ਹ ਦਾ ਪਾਣੀ ਪਹਿਲਾਂ ਨਾਲੋਂ ਕਾਫ਼ੀ ਘਟਿਆ ਹੈ ਪਰ ਲੋਕਾਂ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ। ਹੁਸੈਨੀਵਾਲਾ ਨੇੜੇ ਕਰੀਬ ਵੀਹ ਏਕੜ ਜ਼ਮੀਨ ਹੜ੍ਹ ਦਾ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ। ਅਲੀ ਕੇ ਪਿੰਡ ਦੇ ਇੱਕ ਗਰੀਬ ਕਿਸਾਨ ਦੀ ਕੁੱਲ ਚਾਰ ਏਕੜ ਜ਼ਮੀਨ ਦਰਿਆ ਵਿੱਚ ਰੁੜ੍ਹ ਗਈ ਹੈ। ਉਸ ਦੇ ਕੋਲ ਹੁਣ ਇੱਕ ਮਰਲਾ ਵੀ ਜ਼ਮੀਨ ਬਾਕੀ ਨਹੀਂ ਬਚੀ। ਪਿੰਡ ਚਾਂਦੀ ਵਾਲਾ ਦੇ ਵਸਨੀਕ ਅਨੂਪ ਸਿੰਘ ਤੇ ਲੱਡੂ ਸਿੰਘ ਦੀ ਸਾਢੇ ਤਿੰਨ ਏਕੜ ਜ਼ਮੀਨ ’ਚੋਂ ਡੇਢ ਏਕੜ ਸਤਲੁਜ ਵਿਚ ਰੁੜ੍ਹ ਗਈ ਹੈ। ਕਈ ਥਾਵਾਂ ਤੋਂ ਸਤਲੁਜ ਦੇ ਕਿਨਾਰੇ ਖੁਰਨ ਕਾਰਨ ਪਾਣੀ ਨੇ ਆਪਣਾ ਰੁਖ਼ ਬਦਲ ਲਿਆ ਹੈ। ਇਹੀ ਸਥਿਤੀ ਬਸਤੀ ਰਾਮ ਲਾਲ, ਨਿਹਾਲਾ ਲਵੇਰਾ, ਮੁੱਠਿਆਂ ਵਾਲਾ ਤੇ ਨਾਲ ਲਗਦੇ ਪਿੰਡਾਂ ਵਿੱਚ ਹੈ।
ਮਿਲੀ ਜਾਣਕਾਰੀ ਅਨੁਸਾਰ ਹੁਸੈਨੀਵਾਲਾ ਤੋਂ ਅੱਗੇ ਗੱਟੀ ਰਾਜੋ ਕੀ ਤੇ ਨਾਲ ਲੱਗਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਕਈ ਘਰਾਂ ਵਿੱਚ ਹੜ੍ਹਾਂ ਦਾ ਪਾਣੀ ਅਜੇ ਤੱਕ ਖੜ੍ਹਾ ਹੈ। ਕਈ ਘਰਾਂ ਵਿਚ ਤਰੇੜਾਂ ਆ ਗਈਆਂ ਹਨ ਤੇ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਘਰਾਂ ਅੰਦਰ ਪਿਆ ਸਾਮਾਨ ਖ਼ਰਾਬ ਹੋ ਗਿਆ ਹੈ। ਲੋਕਾਂ ਨੂੰ ਆਉਣ ਵਾਲੇ ਦਿਨਾਂ ਦੀ ਸਥਿਤੀ ਵੀ ਸਪੱਸ਼ਟ ਨਹੀਂ ਹੋ ਰਹੀ। ਅੱਜ ਦਿਨ ਵੇਲੇ ਇਸ ਇਲਾਕੇ ’ਚ ਫ਼ਿਰ ਤੋਂ ਮੀਂਹ ਪੈਣ ਨਾਲ ਲੋਕ ਮਾਯੂਸ ਹੋ ਗਏ।
ਦੂਜੇ ਪਾਸੇ ਜਿਨ੍ਹਾਂ ਖੇਤਾਂ ਵਿੱਚੋਂ ਹੜ੍ਹਾਂ ਦਾ ਪਾਣੀ ਨਿਕਲ ਚੁੱਕਾ ਹੈ, ਉਥੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੁਬਾਰਾ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਪਰ ਨੀਵੇਂ ਇਲਾਕਿਆਂ ਵਿੱਚ ਅਜੇ ਵੀ ਪਾਣੀ ਰਿਹਾ ਹੈ। ਹੜ੍ਹ ਦੇ ਪਾਣੀ ਨਾਲ ਖੇਤਾਂ ਵਿੱਚ ਲੱਗੀਆਂ ਮੋਟਰਾਂ ਖ਼ਰਾਬ ਹੋ ਗਈਆਂ ਹਨ। ਹੁਸੈਨੀਵਾਲਾ ਪਿੰਡ ਦੇ ਸਾਬਕਾ ਸਰਪੰਚ ਗੁਰਭਜਨ ਸਿੰਘ ਅਤੇ ਇੱਕ ਹੋਰ ਨੌਜਵਾਨ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਨਿਕਲਣ ਮਗਰੋਂ ਕੁਝ ਜ਼ਮੀਨਾਂ ਅਜਿਹੀਆਂ ਵੀ ਹਨ ਜਿੱਥੇ ਪਹਿਲਾਂ ਤੋਂ ਖੜ੍ਹਾ ਝੋਨਾ ਅਜੇ ਤੱਕ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਸੈਂਕੜੇ ਏਕੜ ਰਕਬੇ ਵਿਚ ਖੜ੍ਹੀ ਅਰਬੀ ਦੀ ਫ਼ਸਲ ਤਬਾਹ ਹੋ ਗਈ ਹੈ। ਪੀੜਤ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਸਰਹੱਦ ਨਾਲ ਲੱਗਦੇ ਇਨ੍ਹਾਂ ਪਿੰਡਾਂ ਵਿਚ ਨਿਮਨ ਕਿਸਾਨੀ ਦੀ ਗਿਣਤੀ ਵੱਧ ਹੈ। ਜਿਹੜੇ ਕਿਸਾਨਾਂ ਨੇ ਮਹਿੰਗੇ ਭਾਅ ’ਤੇ ਜ਼ਮੀਨਾਂ ਠੇਕੇ ’ਤੇ ਲਈਆਂ ਸਨ, ਉਹ ਹੁਣ ਚਿੰਤਾ ਵਿੱਚ ਹਨ। ਚਾਰਾ ਨਾ ਮਿਲਣ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ। ਬਸਤੀ ਰਾਮ ਲਾਲ ਇਲਾਕੇ ਵਿਚ ਕਈ ਪਸ਼ੂਆਂ ਦੀ ਮੌਤ ਵੀ ਹੋਈ ਹੈ, ਜਿਸ ਨਾਲ ਇਲਾਕੇ ਵਿਚ ਬਦਬੂ ਫ਼ੈਲ ਗਈ ਹੈ।
ਇੱਥੋਂ ਦੇ ਕਿਸਾਨ ਇਕਬਾਲ ਸਿੰਘ ਮੱਲ੍ਹਾ ਨੇ ਦੱਸਿਆ ਕਿ ਲੋਕ ਪਸ਼ੂਆਂ ਵਾਸਤੇ ਚਾਰੇ ਦੀ ਮੰਗ ਕਰ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਚਾਰਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਕਈ ਪਸ਼ੂ ਬਿਮਾਰ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ। ਹੁਸੈਨੀਵਾਲਾ ਦੇ ਨਾਲ ਲੱਗਦੇ ਇਲਾਕਿਆਂ ਵਿਚ ਵੀ ਪਸ਼ੂਆਂ ਲਈ ਚਾਰੇ ਮੰਗ ਸਭ ਤੋਂ ਵੱਧ ਹੈ। ਟੇਂਡੀਵਾਲਾ ਦੇ ਰਹਿਣ ਵਾਲੇ ਕਿਸਾਨ ਪ੍ਰਕਾਸ਼ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਆਗੂ ਪਸ਼ੂਆਂ ਦਾ ਚਾਰਾ ਵੰਡਣ ਵਿਚ ਕਾਣੀ ਵੰਡ ਕਰ ਰਹੇ ਹਨ।