ਵੜਿੰਗ ਦੀ ਗਿਆਨੀ ਜ਼ੈਲ ਸਿੰਘ ਬਾਰੇ ਟਿੱਪਣੀ ਤੋਂ ਨਵਾਂ ਵਿਵਾਦ
ਸਮੁੱਚੇ ਪਾਠੀਆਂ ਤੇ ਗ੍ਰੰਥੀਆਂ ਤੋਂ ਮੁਆਫ਼ੀ ਮੰਗਣ ਰਾਜਾ ਵਡ਼ਿੰਗ: ਸੰਧਵਾਂ
ਬਲਵਿੰਦਰ ਸਿੰਘ ਹਾਲੀ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸੀ ਆਗੂ ਮਰਹੂਮ ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਦੀ ਮੁਆਫ਼ੀ ਮੰਗਦਿਆਂ ਹੁਣ ਗਿਆਨੀ ਜ਼ੈਲ ਸਿੰਘ ਬਾਰੇ ਟਿੱਪਣੀ ਕਰਕੇ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਗਿਆਨੀ ਜ਼ੈਲ ਸਿੰਘ ਦੇ ਰਿਸ਼ਤੇਦਾਰੀ ਵਿਚੋਂ ਲੱਗਦੇ ਪੋਤਰੇ ਕੁਲਤਾਰ ਸਿੰਘ ਸੰਧਵਾਂ ਨੇ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਤੁਰੰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਮਰਹੂਮ ਬੂਟਾ ਸਿੰਘ ਵਾਲੇ ਮਾਮਲੇ ਵਿੱਚ ਮੁਆਫ਼ੀ ਮੰਗਦਿਆਂ ਗਿਆਨੀ ਜ਼ੈਲ ਸਿੰਘ ਨੂੰ ਪਾਠੀ ਅਤੇ ਰਾਗੀ ਕਹਿ ਕੇ ਪਾਠੀਆਂ ਅਤੇ ਗ੍ਰੰਥੀਆਂ ਦੀ ਸੇਵਾ ਨੂੰ ਤੁੱਛ ਸੇਵਾ ਬਣਾਉਣ ਦਾ ਯਤਨ ਕੀਤਾ ਹੈ।
ਰਾਜਾ ਵੜਿੰਗ ਦੀ ਪਿੱਠ ’ਤੇ ਆਏ ਸੀਨੀਅਰ ਕਾਂਗਰਸੀ ਆਗੂ
ਚੰਡੀਗੜ੍ਹ (ਟਨਸ): ਸੀਨੀਅਰ ਕਾਂਗਰਸੀ ਆਗੂਆਂ ਨੇ ਵਿਰੋਧੀ ਪਾਰਟੀਆਂ ਦੀ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਨਿੰਦਾ ਕੀਤੀ ਹੈ। ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁੱਖ ਸਰਕਾਰੀਆ, ਗੁਰਕੀਰਤ ਸਿੰਘ ਕੋਟਲੀ, ਸੁਰਿੰਦਰ ਡਾਵਰ, ਬਲਵਿੰਦਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਵੈਦ, ਪਵਨ ਆਦੀਆ, ਲਖਬੀਰ ਸਿੰਘ ਪਾਇਲ ਅਤੇ ਜੱਸੀ ਖੰਗੂੜਾ ਨੇ ਸਾਂਝੇ ਬਿਆਨ ’ਚ ਕਿਹਾ ਕਿ ਸ੍ਰੀ ਵੜਿੰਗ ਨੇ ਕਾਂਗਰਸ ਦੇ ਸੱਭਿਆਚਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਸਕਾਰਾਤਮਕ ਸੰਦਰਭ ਵਿੱਚ ਚੰਗੀ ਭਾਵਨਾ ਨਾਲ ਟਿੱਪਣੀ ਕੀਤੀ ਸੀ, ਜਿਹੜੀ ਲੋਕਾਂ ਵਿੱਚ ਕੋਈ ਭੇਦਭਾਵ ਨਹੀਂ ਕਰਦੀ ਹੈ। ਉਨ੍ਹਾਂ ਆਪਣੀਆਂ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫ਼ੀ ਵੀ ਮੰਗੀ ਹੈ। ਇਸ ਮਗਰੋਂ ਮਾਮਲਾ ਖ਼ਤਮ ਕਰ ਦੇਣਾ ਚਾਹੀਦਾ ਹੈ।

