ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਖ਼ਿਲਾਫ਼ ਵੜਿੰਗ ਵੱਲੋਂ ਦਾਖਾ ਥਾਣੇ ’ਚ ਧਰਨਾ
ਜਸਬੀਰ ਸਿੰਘ ਸ਼ੇਤਰਾ
ਮੁੱਲਾਂਪੁਰ ਦਾਖਾ, 13 ਜੁਲਾਈ
ਦੇਸ਼ ਵਿੱਚ ਕਈ ਸਾਲਾਂ ਤੋਂ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਪਲੈਟਫਾਰਮ ਟਿਕ-ਟੌਕ ’ਤੇ ਪਾਈ ਵੀਡੀਓ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕਰਨ ਦਾ ਮੁੱਦਾ ਅੱਜ ਭਖ ਗਿਆ। ਇਸ ਸਬੰਧੀ ਅੱਜ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਚਨਾ ਦਿੱਤੀ ਤੇ ਉਹ ਤੁਰੰਤ ਥਾਣਾ ਦਾਖਾ ਪਹੁੰਚ ਗਏ। ਰਾਜਾ ਵੜਿੰਗ ਹਵਾਲਾਤ ਮੂਹਰੇ ਖੜ੍ਹ ਕੇ ਪੁਲੀਸ ਅਧਿਕਾਰੀਆਂ ’ਤੇ ਵਰ੍ਹਨ ਲੱਗੇ। ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਇਸ ਅਨੁਸੂਚਿਤ ਜਾਤੀ ਨਾਲ ਸਬੰਧਤ ਆਗੂ ਖ਼ਿਲਾਫ਼ ਚਾਰ ਪੰਜ ਸਾਲ ਪੁਰਾਣੇ ਮਾਮਲੇ ਵਿੱਚ ਜਾਣ-ਬੁੱਝ ਕੇ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਬੱਦੋਵਾਲ ਨਾਂ ਦਾ ਕਾਂਗਰਸੀ ਜ਼ਿਲ੍ਹਾ ਪਰਿਸ਼ਦ ਮੈਂਬਰ ਰਿਹਾ ਹੈ ਤੇ ਭਲਕੇ 14 ਜੁਲਾਈ ਨੂੰ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕਾਂਗਰਸ ਵੱਲੋਂ ਲੁਧਿਆਣਾ ਵਿੱਚ ਦਿੱਤੇ ਜਾ ਰਹੇ ਧਰਨੇ ਦੀ ਕਾਮਯਾਬੀ ਵਿੱਚ ਇਹ ਆਗੂ ਵੀ ਲੱਗਿਆ ਹੋਇਆ ਸੀ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਪੁਲੀਸ ਪ੍ਰਸ਼ਾਸਨ ਜਾਣ-ਬੁੱਝ ਕੇ ਅਜਿਹੇ ਝੂਠੇ ਕੇਸ ਦਰਜ ਕਰ ਰਿਹਾ ਹੈ। ਇਸ ਨਾਲ ਉਹ ਕਾਂਗਰਸ ਪਾਰਟੀ ਤੇ ਇਸ ਦੇ ਆਗੂਆਂ ਨੂੰ ਡਰਾਉਣਾ-ਧਮਕਾਉਣਾ ਚਾਹੁੰਦੇ ਹਨ ਪਰ ਹੁਣ ਕਾਂਗਰਸ ਡਰਨ ਵਾਲੀ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੇ ਅਜਿਹੇ ਹਰ ਹੱਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ। ਇਸ ਮੌਕੇ ਮੌਜੂਦ ਕੈਪਟਨ ਸੰਦੀਪ ਸੰਧੂ ਨੇ ਵੀ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਪੁਲੀਸ ਵੱਲੋਂ ਦਰਜ ਕੇਸ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸ ਦੇ ਭਲਕ ਵਾਲੇ ਧਰਨੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਤੇ ਹੋਰ ਕਾਂਗਰਸੀ ਆਗੂ ਵੀ ਸਨ।
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਬੱਦੋਵਾਲ ਖ਼ਿਲਾਫ਼ ਇਹ ਕੇਸ ਅਮਨਦੀਪ ਸਿੰਘ ਅਮਨੀ ਦੇ ਬਿਆਨਾਂ ’ਤੇ ਦਰਜ ਹੋਇਆ ਹੈ। ਪੁਲੀਸ ਨੇ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਰੋਜ਼ਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਰਾਜਾ ਵੜਿੰਗ ਦੇ ਥਾਣਾ ਦਾਖਾ ਪੁੱਜਣ ਤੋਂ ਪਹਿਲਾਂ ਕੈਪਟਨ ਸੰਦੀਪ ਸੰਧੂ ਆਪਣੇ ਸਾਥੀਆਂ ਨਾਲ ਉੱਥੇ ਪਹੁੰਚੇ। ਉਨ੍ਹਾਂ ਦੀ ਵੀ ਪੁਲੀਸ ਵਾਲਿਆਂ ਨਾਲ ਕਾਫ਼ੀ ਬਹਿਸ ਹੋਈ ਅਤੇ ਉਨ੍ਹਾਂ ਮਾਮਲੇ ਨੂੰ ਝੂਠਾ ਕਰਾਰ ਦਿੱਤਾ ਪਰ ਕੋਈ ਪੇਸ਼ ਜਾਂਦੀ ਨਾ ਦੇਖ ਉਨ੍ਹਾਂ ਰਾਜਾ ਵੜਿੰਗ ਨੂੰ ਸੂਚਿਤ ਕੀਤਾ ਜੋ ਭਲਕੇ ਦੇ ਧਰਨੇ ਲਈ ਪਹਿਲਾਂ ਹੀ ਲੁਧਿਆਣਾ ਵਿੱਚ ਪੁੱਜੇ ਹੋਏ ਸਨ। ਇਸ ਨਾਲ ਇਹ ਮਾਮਲਾ ਰਾਤ ਸਮੇਂ ਕਾਫੀ ਭਖ਼ ਗਿਆ ਤੇ ਕਾਂਗਰਸ ਨੇ ਥਾਣਾ ਘੇਰਨ ਦੀ ਵੀ ਧਮਕੀ ਦਿੱਤੀ। ਇਸ ਸਬੰਧੀ ਪੱਖ ਜਾਣਨ ਲਈ ਡੀਐੱਸਪੀ ਦਾਖਾ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਪਰ ਖ਼ਬਰ ਲਿਖੇ ਜਾਣ ਤਕ ਉਨ੍ਹਾਂ ਨੇ ਜਵਾਬ ਨਹੀਂ ਸੀ ਦਿੱਤਾ।