ਸ਼ਹੀਦੀ ਨਗਰ ਕੀਰਤਨ ਦਾ ਪੁਣੇ ’ਚ ਨਿੱਘਾ ਸਵਾਗਤ
ਗੁਰਦੁਆਰਾ ਗੁਰੂ ਨਾਨਕ ਮਾਨਸਰੋਵਰ ਤੋਂ ਗੁਰੂ ਨਾਨਕ ਦਰਬਾਰ ਪੁੱਜਾ ਨਗਰ ਕੀਰਤਨ
ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਦਾ ਅੱਜ ਪੁਣੇ ਦੀ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਅੱਜ ਗੁਰਦੁਆਰਾ ਗੁਰੂ ਨਾਨਕ ਮਾਨਸਰੋਵਰ ਪੁਣੇ ਤੋਂ ਆਰੰਭ ਹੋ ਕੇ ਵੱਖ-ਵੱਖ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਨਾਨਕ ਦਰਬਾਰ ਪੁਣੇ ਪੁੱਜਾ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰੇ ’ਚ ਸਜਾਏ ਧਾਰਮਿਕ ਦੀਵਾਨ ’ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਰਤਨ ਕੀਤਾ ਤੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਸੰਗਤ ਨਾਲ ਗੁਰੂ ਤੇਗ ਬਹਾਦਰ ਦੇ ਜੀਵਨ ਇਤਿਹਾਸ ਬਾਰੇ ਸਾਂਝ ਪਾਈ। ਇਸੇ ਦੌਰਾਨ ਮੁੱਖ ਪ੍ਰਚਾਰਕ ਜਗਦੇਵ ਸਿੰਘ ਤੇ ਹਰਜੀਤ ਸਿੰਘ ਨੇ ਵੀ ਸੰਗਤ ਨੂੰ ਗੁਰੂ ਇਤਿਹਾਸ ਬਾਰੇ ਦੱਸਿਆ। ਨਗਰ ਕੀਰਤਨ ਦੀ ਰਵਾਨਗੀ ਮੌਕੇ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਪੰਜ ਪਿਆਰੇ ਅਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾ ਦਿੱਤੇ। ਪੁਣੇ ਦੀ ਸੰਗਤ ਵਿੱਚ ਨਗਰ ਕੀਰਤਨ ਪ੍ਰਤੀ ਵੱਡਾ ਉਤਸ਼ਾਹ ਸੀ ਅਤੇ ਸਾਰੇ ਰਸਤੇ ਵੱਖ-ਵੱਖ ਧਰਮਾਂ ਦੇ ਲੋਕਾਂ ਸਣੇ ਸਿੱਖ ਸੰਗਤ ਵੱਲੋਂ ਸ਼ਰਧਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਸੰਗਤ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ’ਤੇ ਫੁੱਲਾਂ ਦੀ ਵਰਖਾ ਕਰ ਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਲਿਆਣ, ਜਸਮੇਰ ਸਿੰਘ, ਮੀਤ ਸਕੱਤਰ ਕੁਲਦੀਪ ਸਿੰਘ ਰੋਡੇ, ਇੰਚਾਰਜ ਗੁਰਮੇਜ ਸਿੰਘ ਸਮੇਤ ਸੰਗਤ ਹਾਜ਼ਰ ਸਨ।