ਮਾਨਸਾ ’ਚ ਰੌਲੇ-ਰੱਪੇ ਕਾਰਨ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਰੱਦ
ਇਥੇ ਸੈਂਟਰਲ ਪਾਰਕ ’ਚ ਕਰਵਾਇਆ ਜਾਣ ਵਾਲਾ ਪ੍ਰੋਗਰਾਮ ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਸੰਘਰਸ਼ ਕਮੇਟੀ ਦੇ ਵਿਰੋਧ ਕਾਰਨ ਰੌਲੇ-ਰੱਪੇ ਦੀ ਭੇਟ ਚੜ੍ਹ ਗਿਆ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਿਧਾਇਕ ਡਾ. ਵਿਜੈ ਸਿੰਗਲਾ ਤੇ ‘ਆਪ’ ਆਗੂ ਸ਼ਾਮਲ ਨਹੀਂ ਹੋ ਸਕੇ। ਇਸ ਦੌਰਾਨ ਪ੍ਰੋਗਰਾਮ ਦੇ ਪ੍ਰਬੰਧਕਾਂ ਤੇ ਨਸ਼ਾ ਸੰਘਰਸ਼ ਕਮੇਟੀ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਕਾਰਨ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਰਕਾਰੀ ਪ੍ਰੋਗਰਾਮ ’ਚ ਜਾਣ-ਬੁੱਝ ਕੇ ਵਿਘਨ ਪਾਇਆ ਗਿਆ, ਜਿਸ ਦੀ ਉਹ ਸ਼ਿਕਾਇਤ ਦਰਜ ਕਰਵਾਉਣਗੇ।
ਜਾਣਕਾਰੀ ਅਨੁਸਾਰ ਸੈਂਟਰਲ ਪਾਰਕ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਜਾਗਰੂਕਤਾ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਲਈ ਵੱਡੇ ਪੱਧਰ ’ਤੇ ਸੁਨੇਹੇ ਲਾਏ ਗਏ ਸਨ। ਅੱਜ ਪ੍ਰੋਗਰਾਮ ’ਚ ਨਸ਼ਾ ਸੰਘਰਸ਼ ਕਮੇਟੀ ਦੇ ਆਗੂ ਪਰਮਿੰਦਰ ਸਿੰਘ ਝੋਟਾ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਮੇਜਰ ਸਿੰਘ, ਰਾਹੁਲ ਕੁਮਾਰ ਤੇ ਸ਼ਮਸ਼ੇਰ ਸਿੰਘ ਆਪਣੇ ਸਵਾਲ ਲੈ ਕੇ ਪੁੱਜ ਗਏ। ਉਨ੍ਹਾਂ ਦੀ ਪ੍ਰੋਗਰਾਮ ਪ੍ਰਬੰਧਕ ਮਹਿੰਦਰ ਸਿੰਘ ਤੇ ਹੋਰ ਨਾਲ ਤਰਕਾਰਬਾਜ਼ੀ ਤੇ ਬਹਿਸ ਹੋ ਗਈ। ਰਾਜਵਿੰਦਰ ਰਾਣਾ ਤੇ ਪਰਮਿੰਦਰ ਝੋਟਾ ਨੇ ਕਿਹਾ ਕਿ ਇਹ ਸਰਕਾਰ ਦਾ ਡਰਾਮਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ’ਚ ਨਸ਼ਿਆਂ ਖ਼ਿਲਾਫ਼ ਸੰਘਰਸ਼ ਕਰਨ ਵਾਲਿਆਂ ’ਤੇ ਦਰਜ ਪਰਚੇ ਰੱਦ ਕੀਤੇ ਗਏ ਸਨ ਪਰ ਹੁਣ ਉਨ੍ਹਾਂ ਨੂੰ ਹੁਣ ਸੰਮਨ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਰਾਣੇ ਕੇਸ ਖੋਲ੍ਹਣ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਇਹੀ ਪੁੁੱਛਣ ਆਏ ਸਨ ਜਦਕਿ ਉਨ੍ਹਾਂ ਦਾ ਪ੍ਰੋਗਰਾਮ ’ਚ ਵਿਘਨ ਪਾਉਣ ਦਾ ਕੋਈ ਇਰਾਦਾ ਜਾਂ ਮਕਸਦ ਨਹੀਂ ਹੈ ਪਰ ਉਨ੍ਹਾਂ ਨੂੰ ਸਵਾਲ ਕੀ ਕਰਨ ਦੇਣਾ ਸੀ ਸਗੋਂ ਬੋਲਣ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਦਿਖਾਵਾ ਹਨ। ਉਨ੍ਹਾਂ ਕਿਹਾ ਕਿ ਮਾਨਸਾ ’ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਤੇ ਨੌਜਵਾਨ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਰੌਲਾ ਪਾਇਆ ਜਾ ਰਿਹਾ ਹੈ ਪਰ ਹਕੀਕਤ ਇਸ ਦੇ ਉਲਟ ਹੈ। ਉਧਰ ਨਗਰ ਕੌਂਸਲ ਅਧਿਕਾਰੀ ਤੇ ਪ੍ਰੋਗਰਾਮ ਦ ਪ੍ਰਬੰਧਕ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਕਿਸੇ ਨੂੰ ਸਰਕਾਰੀ ਪ੍ਰੋਗਰਾਮ ’ਚ ਆ ਕੇ ਵਿਘਨ ਪਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜਾਣ-ਬੁੱਝ ਕੇ ਕੀਤਾ ਗਿਆ ਤਾਂ ਕਿ ਪ੍ਰੋਗਰਾਮ ਸਿਰੇ ਨਾ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਦਰਜ ਕਰਵਾਉਣਗੇ।