ਪੰਜਾਬ ਪੁਲੀਸ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 252ਵੇਂ ਦਿਨ ਸੂਬੇ ਭਰ ਵਿੱਚ 292 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ 71 ਜਣਿਆਂ ਨੂੰ ਕਾਬੂ ਕਰ ਕੇ 50 ਕੇਸ ਦਰਜ ਕੀਤੇ ਹਨ। ਇਸ ਦੇ ਨਾਲ ਹੀ ਪੁਲੀਸ ਵੱਲੋਂ 252 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਗਿਣਤੀ 35,737 ਹੋ ਗਈ ਹੈ। ਅੱਜ ਨਸ਼ਾ ਤਸਕਰਾਂ ਦੇ ਕਬਜ਼ੇ ’ਚੋਂ 841 ਗ੍ਰਾਮ ਹੈਰੋਇਨ, 508 ਨਸ਼ੇ ਦੀਆਂ ਗੋਲੀਆਂ ਅਤੇ 22,300 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ। ਮੁਹਿੰਮ ਤਹਿਤ 62 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 800 ਤੋਂ ਵੱਧ ਪੁਲੀਸ ਮੁਲਾਜ਼ਮਾਂ ਦੀ ਅਗਵਾਈ ਹੇਠ 100 ਤੋਂ ਵੱਧ ਪੁਲੀਸ ਟੀਮਾਂ ਨੇ ਸੂਬੇ ਭਰ ਵਿੱਚ 292 ਥਾਵਾਂ ’ਤੇ ਛਾਪੇ ਮਾਰੇ। ਦਿਨ ਭਰ ਚੱਲੇ ਅਪਰੇਸ਼ਨ ਦੌਰਾਨ 292 ਥਾਵਾਂ ’ਤੇ 296 ਸ਼ੱਕੀਆਂ ਦੀ ਤਲਾਸ਼ੀ ਲਈ ਗਈ ਜਿਨ੍ਹਾਂ ਵੱਲੋਂ 71 ਜਣਿਆਂ ਨੂੰ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਪੁਲੀਸ ਨੇ ਅੱਜ 32 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਲਈ ਰਾਜ਼ੀ ਕੀਤਾ ਹੈ।
ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ਢਾਹੀ
ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਦੀ ਅਗਵਾਈ ਹੇਠ ਪੁਲੀਸ ਨੇ ਅੱਜ ਭਾਗੀਰਥ ਵਾਸੀ ਅੰਬ ਸਾਹਿਬ ਕਲੋਨੀ ਜਗਤਪੁਰਾ ਦੀ ਨਾਜਾਇਜ਼ ਉਸਾਰੀ ਢਾਹ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਮੁਲਜ਼ਮ ਨਸ਼ਾ ਤਸਕਰ ਹੈ ਅਤੇ ਉਸ ਨੇ ਨਸ਼ਾ ਤਸਕਰੀ ਤੋਂ ਕਮਾਏ ਪੈਸਿਆਂ ਨਾਲ ਇਹ ਜਾਇਦਾਦ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਮਕਾਨ ਦੀ ਉਸਾਰੀ ਸਰਕਾਰੀ/ਗਮਾਡਾ ਦੀ ਜ਼ਮੀਨ ’ਤੇ ਨਿਯਮਾਂ ਦੇ ਵਿਰੁੱਧ ਜਾ ਕੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਭਾਗੀਰਥ ਨੇ ਆਪਣੀ ਮਾਤਾ ਦੇ ਨਾਮ ’ਤੇ ਜਾਇਦਾਦ ’ਤੇ ਮਕਾਨ ਬਣਾਇਆ ਸੀ। ਇਸੇ ਮਕਾਨ ਨੂੰ ਉਹ ਨਸ਼ਾ ਵੇਚਣ ਦੇ ਕੰਮ ਲਈ ਵਰਤਦਾ ਸੀ ਅਤੇ ਇੱਥੇ ਕੈਮਰੇ ਵੀ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਜਾਇਦਾਦ ਤੋਂ ਇਲਾਵਾ ਭਾਗੀਰਥ ਨੇ ਡਰੱਗ ਮਨੀ ਨਾਲ ਬਣਾਈ ਗਈ ਇੱਕ ਹੋਰ ਜਾਇਦਾਦ ਅਤੇ ਇੱਕ ਇਨੋਵਾ ਕਾਰ ਵੀ ਪੰਜਾਬ ਪੁਲੀਸ ਵੱਲੋਂ ਜ਼ਬਤ ਕਰਵਾਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਭਾਗੀਰਥ ’ਤੇ ਐੱਨ ਡੀ ਪੀ ਐੱਸ ਐਕਟ ਅਧੀਨ ਮੁਹਾਲੀ ਦੇ ਫੇਜ਼-11 ਦੇ ਪੁਲੀਸ ਸਟੇਸ਼ਨ ਵਿੱਚ ਦੋ ਅਤੇ ਫੇਜ਼ ਅੱਠ ’ਚ ਇੱਕ ਕੇਸ ਦਰਜ ਹੈ।

