War Against Drugs: ਦੌਲੇਵਾਲਾ ’ਚ ਪੁਲੀਸ ਦੀ ਵੱਡੀ ਕਾਰਵਾਈ, ਚਾਰ ਨਸ਼ਾ ਤਸਕਰਾਂਂ ਦੇ ਘਰਾਂ ’ਤੇ ਚਲਾਇਆ ਪੀਲਾ ਪੰਜਾ
War Against Drugs in Punjab:
ਹਰਦੀਪ ਸਿੰਘ
ਧਰਮਕੋਟ, 26 ਅਪਰੈਲ
War Against Drugs: ਮੋਗਾ ਪੁਲੀਸ ਨੇ ਅੱਜ ਨਸ਼ਾ ਤੱਸਕਰੀ ਲਈ ਬਦਨਾਮ ਪਿੰਡ ਦੌਲੇਵਾਲਾ ਵਿਚ ਵੱਡੀ ਕਾਰਵਾਈ ਕਰਦਿਆਂ ਇਸ ਧੰਦੇ ’ਚ ਕਥਿਤ ਤੌਰ ’ਤੇ ਸ਼ਾਮਲ ਚਾਰ ਨਸ਼ਾ ਤਸਕਰਾਂ ਦੇ ਘਰਾਂ ਉੱਤੇ ਪੀਲਾ ਪੰਜਾ ਚਲਾਇਆ ਅਤੇ ਨਸ਼ਿਆਂ ਦੇ ਕਾਰੋਬਾਰ ਤੋਂ ਬਣਾਏ ਆਲੀਸ਼ਾਨ ਘਰਾਂ ਨੂੰ ਢਹਿ ਢੇਰੀ ਕਰ ਦਿੱਤਾ।
ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਐਸਪੀ ਬਾਲ ਕ੍ਰਿਸ਼ਨ ਦੀ ਅਗਵਾਈ ਹੇਠ ਉਪ ਮੰਡਲ ਪੁਲੀਸ ਅਧਿਕਾਰੀ ਰਮਨਦੀਪ ਸਿੰਘ, ਥਾਣਾ ਕੋਟ ਈਸੇ ਖਾਂ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ, ਥਾਣਾ ਮੁਖੀ ਇਕਬਾਲ ਹੁਸੈਨ ਫ਼ਤਹਿਗੜ੍ਹ ਪੰਜਤੂਰ, ਧਰਮਕੋਟ ਦੇ ਮੁਖੀ ਜਤਿੰਦਰ ਸਿੰਘ ਅਤੇ ਸੀਆਈਏ ਸਟਾਫ਼ ਦੇ ਮੁਖੀ ਦਲਜੀਤ ਸਿੰਘ ਬਰਾੜ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਇਸ ਤਹਿਤ ਪਿੰਡ ਦੇ ਕਥਿਤ ਨਸ਼ਾ ਤਸਕਰਾਂ ਪਰਮਜੀਤ ਸਿੰਘ ਉਰਫ ਪੱਪੂ, ਕੁਲਵਿੰਦਰ ਕੌਰ ਰੱਜੀ, ਲਖਵਿੰਦਰ ਸਿੰਘ ਕਾਕੂ ਅਤੇ ਬੂਟਾ ਸਿੰਘ ਪੁੱਤਰ ਗੁਰਚਰਨ ਸਿੰਘ ਉਰਫ ਘੁੱਦਾ ਦੇ ਘਰਾਂ ਉਪਰ ਪੀਲਾ ਪੰਜਾ ਚਲਾਇਆ। ਜ਼ਿਲ੍ਹਾ ਪੁਲੀਸ ਮੁਖੀ ਅਜੈ ਗਾਂਧੀ ਨੇ ਇਸ ਪੁਲੀਸ ਅਪ੍ਰੇਸ਼ਨ ਦੌਰਾਨ ਦੱਸਿਆ ਕਿ ਇਨ੍ਹਾਂ ਚਾਰਾਂ ਵਿਰੁੱਧ ਨਸ਼ਿਆਂ ਦੇ 39 ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਇਹ ਕਾਰਵਾਈ ਪੰਚਾਇਤ ਵਿਭਾਗ ਵਲੋਂ ਕੀਤੀ ਗਈ ਹੈ ਪੁਲੀਸ ਵਲੋਂ ਇਸ ਕਾਰਵਾਈ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦੱਸਿਆ ਕਿ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਰਗਰਮੀ ਨਾਲ ਚਲਾਈ ਜਾ ਰਹੀ ਮੁਹਿੰਮ ਦੇ ਚਲਦਿਆਂ ਪਿੰਡ ਦੌਲੇਵਾਲਾ ਦੇ ਨਸ਼ਾ ਤਸਕਰਾਂ ਵਲੋਂ ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਗਈਆਂ ਜਾਇਦਾਦਾਂ ਨੂੰ ਢਹਿ ਢੇਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗੇ ਵੀ ਅਜਿਹੇ ਗਲਤ ਅਨਸਰਾਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਜਾਰੀ ਰੱਖੀ ਜਾਵੇਗੀ।
ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ ਨਸ਼ਿਆਂ ਦਾ ਧੰਦਾ ਬੰਦ ਕਰ ਦੇਣ ਜਾਂ ਪੰਜਾਬ ਛੱਡ ਜਾਣ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨਸ਼ਿਆਂ ਦਾ ਖਾਤਮਾ ਕਰਕੇ ਹੀ ਦਮ ਲਵੇਗੀ। ਵਿਧਾਇਕ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ ਅਤੇ ਪੰਚ ਅਜਿਹੇ ਲੋਕਾਂ ਦੀ ਨਾ ਤਾਂ ਸਿਫਾਰਸ਼ ਕਰਨ ਅਤੇ ਨਾ ਹੀ ਉਨ੍ਹਾਂ ਦੀ ਜ਼ਮਾਨਤ ਕਰਵਾਉਣ।