War Against Drugs: ਮੈਡੀਕਲ ਸਟੋਰ ਚਲਾਉਂਦੇ ਪਿਉ-ਪੁੱਤ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ
ਇੱਥੇ ਇੱਕ ਮੈਡੀਕਲ ਸਟੋਰ ਚਲਾਉਂਦੇ ਪ੍ਰਤਾਪ ਸਿੰਘ ਅਤੇ ਉਸਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਪੁਲੀਸ ਨੇ 11740 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਟਰਾਮਾਡੋਲ ਦੀਆਂ ਗੋਲੀਆਂ ਦੇ ਪੱਤੇ ਮਿਲੇ, ਜਿਨ੍ਹਾਂ ਉੱਤੋਂ ਬਣਤਰ ਤਰੀਕ, ਐੱਮਆਰਪੀ ਅਤੇ ਦਵਾਈ ਬਣਾਉਣ ਵਾਲੀ ਕੰਪਨੀ ਦਾ ਨਾਮ ਮਿਟਾਇਆ ਹੋਇਆ ਸੀ।
ਨਾਭਾ ਦੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੁੂੰ ਇਸ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ ਜਿਸਦੇ ਆਧਾਰ ‘ਤੇ ਪੁਲੀਸ ਨੇ ਰੇਡ ਕੀਤੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਵੱਲੋਂ ਖੁੱਲ੍ਹੇਆਮ ਸ਼ਡਿਊਲ ਐੱਚ ਦੀਆਂ ਦਵਾਈਆਂ ਨੂੰ ਕਾਊਂਟਰ 'ਤੇ ਰੱਖ ਕੇ ਵੇਚਿਆ ਜਾ ਰਿਹਾ ਸੀ ਅਤੇ ਇਨ੍ਹਾਂ ਸਬੰਧਤ ਲਾਜ਼ਮੀ ਰਿਕਾਰਡ ਵੀ ਨਹੀਂ ਰੱਖਿਆ ਗਿਆ।
ਐੱਸਐੱਚਓ ਚੀਮਾ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਦੂਰ ਦੂਰ ਤੱਕ ਗਲੀ ਨੂੰ ਸੀਸੀਟੀਵੀ ਦੀ ਨਿਗਰਾਨੀ ਹੇਠ ਲਿਆ ਹੋਇਆ ਸੀ ਅਤੇ ਫੋਨ ਆਉਣ 'ਤੇ ਕੈਮਰੇ ਰਾਹੀਂ ਦੇਖ ਕੇ ਉਹ ਦਵਾਈ ਅੱਗੇ ਪਿਛੇ ਪਹੁੰਚਾ ਦਿੱਤੀ ਜਾਂਦੀ ਸੀ ਜਿਹੜੀ ਕਿ ਡਾਕਟਰ ਦੀ ਤਾਜ਼ੀ ਪਰਚੀ ਅਤੇ ਮੋਹਰ ਤੋਂ ਬਿਨਾਂ ਵੇਚੀ ਨਹੀਂ ਜਾ ਸਕਦੀ। ਉਨ੍ਹਾਂ ਹੋਰ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।