ਲੋੜੀਂਦਾ ਅਪਰਾਧੀ ਰਣਜੀਤ ਉਰਫ਼ ਸੱਪ ਬਠਿੰਡਾ ਤੋਂ ਗ੍ਰਿਫ਼ਤਾਰ; ਪਿਸਤੌਲ ਬਰਾਮਦ
ਗ੍ਰਿਫ਼ਤਾਰ ਗੈਂਗਸਟਰ ਰੰਮੀ ਮਛਾਣਾ ਦਾ ਕਰੀਬੀ: ਡੀਜੀਪੀ ਗੌਰਵ ਯਾਦਵ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਪੰਜਾਬ ਨੇ ਬਠਿੰਡਾ ਪੁਲੀਸ ਨਾਲ ਇੱਕ ਸਾਂਝੇ ਆਪਰੇਸ਼ਨ ਵਿੱਚ ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਨਾਲ ਸਬੰਧਤ ਲੋੜੀਂਦੇ ਅਪਰਾਧੀ ਰਣਜੀਤ ਸਿੰਘ ਉਰਫ ਸੱਪ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਪੁਲੀਸ ਟੀਮਾਂ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਇੱਕ ਗੈਰ-ਕਾਨੂੰਨੀ .32 ਬੋਰ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਗੈਂਗਸਟਰ ਰੰਮੀ ਮਛਾਣਾ ਦਾ ਕਰੀਬੀ ਹੈ ਅਤੇ ਦੋ ਅਪਰਾਧਿਕ ਮਾਮਲਿਆਂ ਵਿੱਚ ਪੁਲੀਸ ਨੂੰ ਲੋੜੀਂਦਾ ਸੀ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੁਲੀਸ ਨੇ ਉਸ ਦੇ ਘਰੋਂ 130 ਗ੍ਰਾਮ ਹੈਰੋਇਨ, ਛੇ ਜ਼ਿੰਦਾ ਕਾਰਤੂਸ ਸਮੇਤ ਇੱਕ 9 ਐਮਐਮ ਦੇਸੀ ਪਿਸਤੌਲ ਅਤੇ ਅਤੇ ਇੱਕ .12 ਬੋਰ ਦੇਸੀ ਪਿਸਤੌਲ ਬਰਾਮਦ ਕੀਤਾ ਸੀ। ਉਸ ਦੀ ਮਾਂ ਪਰਮਜੀਤ ਕੌਰ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦੋਂ ਕਿ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।
In a major breakthrough, the Anti-Gangster Task Force (#AGTF), Punjab, in a joint operation with @BathindaPolice apprehends Ranjit Singh @ Sapp, resident of village Bangi Nihal Singh, #Bathinda, and recover an illegal .32 bore pistol along with four cartridges.
Preliminary… pic.twitter.com/ScsZvcw0ZQ
— DGP Punjab Police (@DGPPunjabPolice) November 1, 2025
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਡੀਐਸਪੀ ਏਜੀਟੀਐਫ ਰਾਜਨ ਪਰਮਿੰਦਰ ਦੀ ਅਗਵਾਈ ਵਾਲੀਆਂ ਏਜੀਟੀਐਫ ਦੀਆਂ ਪੁਲੀਸ ਟੀਮਾਂ ਨੇ ਬਠਿੰਡਾ ਪੁਲੀਸ ਨਾਲ ਤਾਲਮੇਲ ਕਰਕੇ ਮੁਲਜ਼ਮ ਰਣਜੀਤ ਸਿੰਘ ਉਰਫ਼ ਸੱਪ ਨੂੰ ਬਠਿੰਡਾ ਦੇ ਪਿੰਡ ਭਗਵਾਨਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ।
ਸੀਨੀਅਰ ਸੁਪਰਡੈਂਟ ਆਫ਼ ਪੁਲੀਸ (ਐਸਐਸਪੀ) ਬਠਿੰਡਾ ਅਮਨੀਤ ਕੌਂਡਲ ਨੇ ਕਿਹਾ ਕਿ ਰਣਜੀਤ ਸਿੰਘ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਜਿਸਦੇ ਖਿਲਾਫ ਕਤਲ, ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਣ, ਅਸਲਾ ਐਕਟ, ਜੇਲ੍ਹ ਐਕਟ ਅਤੇ ਐਨਡੀਪੀਐਸ ਐਕਟ ਦੀ ਉਲੰਘਣਾ ਦੇ ਕਈ ਮਾਮਲੇ ਦਰਜ ਹਨ।
ਇਸ ਸਬੰਧੀ ਬਠਿੰਡਾ ਦੇ ਥਾਣਾ ਸੰਗਤ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਬੀ) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 139 ਮਿਤੀ 20.09.2025 ਪਹਿਲਾਂ ਹੀ ਦਰਜ ਹੈ।

