ਮਨੀਪੁਰ ਦੀਆਂ ਔਰਤਾਂ ਖ਼ਿਲਾਫ਼ ਹਿੰਸਾ ਤੇ ਨਵੇਂ ਲੇਬਰ ਕੋਡਾਂ ਵਿਰੁੱਧ ਆਵਾਜ਼ ਬੁਲੰਦ
ਭਾਰਤੀ ਮਹਿਲਾ ਫੈਡਰੇਸ਼ਨ ਚੰਡੀਗਡ਼੍ਹ ਦੀ ਸੂਬਾਈ ਕਾਨਫਰੰਸ; ਫਲਸਤੀਨੀਆਂ ਦੇ ਹੱਕ ਵਿੱਚ ਮਤੇ ਪਾਸ; ਮਹਿਲਾਵਾਂ ਦੇ ਅਧਿਕਾਰਾਂ ਬਾਰੇ ਚਰਚਾ
ਭਾਰਤੀ ਮਹਿਲਾ ਫੈਡਰੇਸ਼ਨ ਚੰਡੀਗੜ੍ਹ ਦੀ ਸੂਬਾਈ ਕਾਨਫਰੰਸ ਅੱਜ ਇੱਥੇ ਸੈਕਟਰ-36 ਸਥਿਤ ਪੀਪਲਜ਼ ਕਨਵੈਨਸ਼ਨ ਸੈਂਟਰ ਵਿੱਚ ਡਾ. ਪਾਲ ਕੌਰ, ਪ੍ਰਿੰਸੀਪਲ ਗੁਰਦੇਵ ਕੌਰ ਅਤੇ ਸੁਰਜੀਤ ਕੌਰ ਬੈਂਸ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਾ. ਆਮੀਰ ਸੁਲਤਾਨਾ ਨੇ ਘਰਾਂ ਉੱਤੇ ਗ਼ੈਰ-ਕਾਨੂੰਨੀ ਬੁਲਡੋਜ਼ਰ ਚਲਾਉਣ, ਮਨੀਪੁਰ ਦੀਆਂ ਔਰਤਾਂ ’ਤੇ ਹੋਈ ਹਿੰਸਾ ਤੇ ਨਵੇਂ ਲੇਬਰ ਕੋਡਾਂ ਖ਼ਿਲਾਫ਼ ਅਤੇ ਫਲਸਤੀਨ ਦੇ ਲੋਕਾਂ ਦੇ ਹੱਕ ਵਿੱਚ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਕਾਨਫਰੰਸ ਦੀ ਸ਼ੁਰੂਆਤ ਪ੍ਰਿੰਸੀਪਲ ਗੁਰਦੇਵ ਕੌਰ ਨੇ ਝੰਡਾ ਲਹਿਰਾਉਣ ਨਾਲ ਕੀਤੀ। ਇਸ ਮਗਰੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਕਾਨਫਰੰਸ ਵਿੱਚ ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਜਨਰਲ ਸਕੱਤਰ ਨਿਸ਼ਾ ਸਿੱਧੂ ਮੁੱਖ ਮਹਿਮਾਨ ਅਤੇ ਆਭਾ ਭੈਯਾ ਡਾਇਰੈਕਟਰ ਜਾਗੋਰੀ ਰੂਰਲ ਧਰਮਸ਼ਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਹਿਲਾਵਾਂ ਦੀ ਸਮਾਜਿਕ ਗ਼ੈਰ-ਬਰਾਬਰੀ ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਵੀ ਚਰਚਾ ਕੀਤੀ ਗਈ। ਫੈਡਰੇਸ਼ਨ ਦੀ ਸੀਨੀਅਰ ਆਗੂ ਡਾ. ਕੰਵਲਜੀਤ ਕੌਰ ਢਿੱਲੋਂ ਨੇ ਫੈਡਰੇਸ਼ਨ ਦੇ ਕੰਮ-ਕਾਜ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਔਰਤਾਂ ਨੇ ਅੱਜ ਤੱਕ ਦੇਸ਼ ਦੇ ਸਮਾਜਿਕ ਸੰਘਰਸ਼ਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਹੈ, ਪਰ ਔਰਤਾਂ ਨੂੰ ਕਦੇ ਵੀ ਬਰਾਬਰੀ ਦਾ ਦਰਜਾ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਮਨੂੰਵਾਦੀ ਸੋਚ ਵਾਲੀਆਂ ਤਾਕਤਾਂ ਵੱਲੋਂ ਹਮੇਸ਼ਾ ਔਰਤਾਂ ਨੂੰ ਘਰਾਂ ਵਿੱਚ ਬੰਦ ਕਰ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਐਡਵੋਕੇਟ ਅਸ਼ਿਵਨੀ ਬਖ਼ਸ਼ੀ ਨੇ ਸੰਵਿਧਾਨ ਵੱਲੋਂ ਔਰਤਾਂ ਨੂੰ ਦਿੱਤੇ ਕਾਨੂੰਨੀ ਹੱਕਾਂ ਬਾਰੇ ਜਾਗਰੂਕ ਕੀਤਾ। ਡਾ. ਰੁਪਾਲੀ ਲਾਹੋਰੀਆ ਨੇ ਔਰਤਾਂ ਦੇ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਕਵਿੱਤਰੀ ਪਾਲ ਕੌਰ, ਰਾਜਿੰਦਰ ਕੌਰ, ਹਰਪੁਨੀਤ ਪੰਜਾਬ ਯੂਨੀਵਰਸਿਟੀ, ਅਮਨ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ’ਤੇ ਧਿਆਨ ਕੇਂਦਰਿਤ ਕੀਤਾ। ਇਸ ਮੌਕੇ ਭਰਾਤਰੀ ਔਰਤ ਸੰਗਠਨਾਂ ਤੋਂ ਜਸਵੀਰ ਕੌਰ ਨੱਤ, ਔਰਤ ਮੁਕਤੀ ਮੋਰਚਾ ਤੋਂ ਸੁਰਿੰਦਰ ਗਿੱਲ ਜੈਪਾਲ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਵੀਨਾ ਜੰਮੂ ਨੇ ਕੀਤਾ। ਕਾਨਫਰੰਸ ਦੌਰਾਨ ਕਲੀਅਰ ਮੈਡੀ ਹਸਪਤਾਲ ਦੀ ਤਰਫੋਂ ਮੈਡੀਕਲ ਕੈਂਪ ਵੀ ਲਗਾਇਆ ਗਿਆ।
ਅਮਰਜੀਤ ਕੌਰ ਫੈਡਰੇਸ਼ਨ ਦੀ ਸੂਬਾਈ ਪ੍ਰਧਾਨ ਬਣੀ
ਭਾਰਤੀ ਮਹਿਲਾ ਫੈਡਰੇਸ਼ਨ ਚੰਡੀਗੜ੍ਹ ਦੀ ਸੂਬਾਈ ਕਾਨਫਰੰਸ ਦੌਰਾਨ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਦੌਰਾਨ ਅਮਰਜੀਤ ਕੌਰ ਨੂੰ ਪ੍ਰਧਾਨ, ਸੁਖਬੀਰ ਕੌਰ, ਡਾ. ਅਮੀਰ ਸੁਲਤਾਨਾ, ਐਡਵੋਕੇਟ ਸੁਸ਼ਮਾ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਵੀਨਾ ਜੰਮੂ ਨੂੰ ਸਕੱਤਰ, ਸੁਬਾ ਗੁਪਤਾ ਨੂੰ ਸਹਾਇਕ ਸਕੱਤਰ, ਐਡਵੋਕੇਟ ਜਸਵਿੰਦਰ ਕੌਰ ਅਤੇ ਹਰਪੁਨੀਤ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਇਸ ਦੇ ਨਾਲ ਹੀ 13 ਮੈਂਬਰੀ ਕੌਂਸਲ ਦਾ ਗਠਨ ਕੀਤਾ ਗਿਆ।

