ਜਪਾਨ ਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੇ ਵਿਕਾਸ ਨੂੰ ਦੇਵੇਗਾ ਹੁਲਾਰਾ: ਮਾਨ
ਮੁੱਖ ਮੰਤਰੀ ਵੱਲੋਂ ਆਪਣੇ ਜਪਾਨ ਤੇ ਦੱਖਣੀ ਕੋਰੀਆ ਦੌਰੇ ਦਾ ਲੋਖਾ-ਜੋਖਾ ਪੇਸ਼
ਆਤਿਸ਼ ਗੁਪਤਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੋਂ ਵਾਪਸ ਆਉਂਦਿਆਂ ਹੀ ਆਪਣੀ ਦੋਵਾਂ ਦੇਸ਼ਾਂ ਦੀ ਫੇਰੀ ਦਾ ਲੇਖਾ-ਜੋਖਾ ਪੇਸ਼ ਕੀਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਜਪਾਨ ਤੇ ਦੱਖਣੀ ਕੋਰੀਆ ਦੇ ਸਨਅਤਕਾਰਾਂ ਅੱਗੇ ਪੰਜਾਬ ਨੂੰ ਦੁਨੀਆ ਭਰ ਵਿੱਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ, ਜਿਸ ਨੂੰ ਵੇਖਦਿਆਂ ਦੋਵਾਂ ਦੇਸ਼ਾਂ ਦੀ ਵਿਸ਼ਵ ਪ੍ਰਸਿੱਧ ਕੰਪਨੀਆਂ ਨੇ ਪੰਜਾਬ ਵਿੱਚ ਆਈ ਟੀ, ਮੈਡੀਕਲ, ਖੇਤੀਬਾੜੀ, ਖੋਜ ਤੇ ਬਾਗ਼ਬਾਨੀ ਖੇਤਰਾਂ ’ਚ ਨਿਵੇਸ਼ ਦੀ ਦਿਲਚਸਪੀ ਦਿਖਾਈ ਹੈ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੁਜ਼ਗਾਰ ਮਿਲੇਗਾ। ਜਪਾਨ ਤੇ ਦੱਖਣੀ ਕੋਰੀਆ ਦਾ ਇਹ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ।
ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਹਾਲੀ ਨੂੂੰ ਵੱਡੇ ਆਈ ਟੀ ਹੱਬ ਵਜੋਂ ਵਿਕਸਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿੱਥੇ ਖੋਜ ਤੇ ਵਿਕਾਸ ਅਤੇ ਹੁਨਰਮੰਦ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਜਪਾਨ ਅਤੇ ਦੱਖਣੀ ਕੋਰੀਆ ਦੀਆਂ ਕਈ ਕੰਪਨੀਆਂ ਨੇ ਵੀ ਮੁਹਾਲੀ ਵਿੱਚ ਵੱਡੇ ਪ੍ਰਾਜੈਕਟ ਲਗਾਉਣ ਲਈ ਹਾਮੀ ਭਰੀ ਹੈ। ਮੁੱਖ ਮੰਤਰੀ ਨੇ ਦੋਵਾਂ ਦੇਸ਼ਾਂ ਦੇ ਸੈਂਕੜੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ 14, 15 ਤੇ 16 ਮਾਰਚ ਨੂੰ ਮੁਹਾਲੀ ਵਿਖੇ ਹੋਣ ਵਾਲੇ ਨਿਵੇਸ਼ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਪਰਾਲੀ ਨਾਲ ਸਬੰਧਤ ਸਨਅਤਾਂ ਨੂੰ ਦਿੱਤਾ ਵਿਸ਼ੇਸ਼ ਸੱਦਾ
ਮੁੱਖ ਮੰਤਰੀ ਨੇ ਕਿਹਾ ਕਿ ਜਪਾਨ ਤੇ ਦੱਖਣੀ ਕੋਰੀਆ ਦੀਆਂ ਕੰਪਨੀਆਂ ਵੱਲੋਂ ਪਰਾਲੀ ਨਾਲ ਬਾਇਓਗੈਸ ਬਣਾਉਣ ਦੇ ਨਾਲ-ਨਾਲ ਇਸ ਦੀ ਹੋਰ ਪ੍ਰਾਜੈਕਟਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਸੂਬਾ ਸਰਕਾਰ ਵੱਲੋਂ ਪਰਾਲੀ ਨਾਲ ਸਬੰਧਤ ਸਨਅਤਾਂ ਨੂੂੰ ਪੰਜਾਬ ਵਿੱਚ ਆਉਣ ਦਾ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਹੈ। ਪੰਜਾਬ ਵਿੱਚ ਹਰ ਸਾਲ 5 ਕਰੋੜ ਟਨ ਤੋਂ ਵੱਧ ਪਰਾਲੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਵਧੇਰੇ ਆਮਦਨ ਹੋਵੇਗੀ ਤੇ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ’ਤੇ ਵੀ ਨੱਥ ਪਾਈ ਜਾ ਸਕੇਗੀ।
ਦੋਵਾਂ ਦੇਸ਼ਾਂ ਦੀ ਭਾਸ਼ਾ ਬਾਰੇ ਨੌਜਵਾਨਾਂ ਨੂੰ ਕੀਤਾ ਜਾਵੇਗਾ ਜਾਗਰੂਕ
ਮੁੱਖ ਮੰਤਰੀ ਨੇ ਕਿਹਾ ਕਿ ਜਪਾਨ ਤੇ ਦੱਖਣੀ ਕੋਰੀਆ ਨਾਲ ਕਾਰੋਬਾਰ ਵਧਾਉਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਦੋਵਾਂ ਦੇਸ਼ਾਂ ਦੀ ਭਾਸ਼ਾ ਸਿਖਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਪੰਜਾਬ ਦੇ ਨੌਜਵਾਨ ਫਰੈਂਚ ਤੇ ਸਪੈਨਿਸ਼ ਸਿੱਖਣ ਵੱਲ ਵੱਧ ਤਰਜੀਹ ਦਿੰਦੇ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੀ ਭਾਸ਼ਾ ਸਿੱਖਣ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।

