ਨੰਗਲ ਡੈਮ ’ਤੇ ਸੁਰੱਖਿਆ ਨੇਮਾਂ ਦੀ ਉਲੰਘਣਾ
ਪਾਬੰਦੀ ਦੇ ਬਾਵਜੂਦ ਡੈਮ ’ਤੇ ਹੁੰਦੀ ਹੈ ਫੋਟੋ ਤੇ ਵੀਡੀਓਗ੍ਰਾਫੀ; ਉਲੰਘਣਾ ਕਰਨ ਵਾਲਿਆਂ ਵਿਰੁੱੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਡੀ ਐੱਸ ਪੀ
ਨੰਗਲ ਡੈਮ ’ਤੇ ਫੋਟੋਗ੍ਰਰਾਫੀ ਅਤੇ ਵੀਡੀਓ ਬਣਾਉਣ ’ਤੇ ਪਾਬੰਦੀ ਹੋਣ ਦੇ ਬਾਵਜੂਦ ਲੋਕਾਂ ਵੱਲੋਂ ਇਨ੍ਹਾਂ ਹੁਕਮਾਂ ਦੀ ਖੁੱਲ੍ਹ ਕੇ ਉਲੰਘਣਾ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਡੈਮ ’ਤੇ ਵੀਡੀਓਗ੍ਰਰਾਫੀ ਕਰਕੇ ਸ਼ੋਸ਼ਲ ਮੀਡੀਆ ’ਤੇ ਰੀਲਾ ਪਾਈਆਂ ਜਾ ਰਹੀਆਂ ਹਨ। ਇਸ ਕਾਰਨ ਨੰਗਲ ਡੈਮ ਦੀ ਸੁਰੱਖਿਆ ਨੂੰ ਖਤਰਾ ਹੋਣ ਦਾ ਖਦਸ਼ਾ ਹੈ। ਬੀਬੀਐੱਮਬੀ ਨੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਪੰਜਾਬ ਪੁਲੀਸ ਦੀ ਟੁਕੜੀ ਵੀ ਤਾਇਨਾਤ ਕੀਤੀ ਹੈ ਪਰ ਉਹ ਲੋਕਾਂ ਨੂੰ ਰੋਕਣ ਵਿੱਚ ਅਸਫ਼ਲ ਸਾਬਤ ਹੋਈ ਹੈ। ਦੱਸਣਯੋਗ ਹੈ ਕਿ ਜਦੋਂ ਪੰਜਾਬ ਸਰਕਾਰ ਨੇ ਪਾਣੀ ਦੇ ਮੁੱਦੇ ’ਤੇ ਨੰਗਲ ਡੈਮ ’ਤੇ ਧਰਨਾ ਲਗਾਇਆ ਸੀ ਤਾਂ ਕੁਝ ਚੈਨਲਾਂ ਨੇ ਇਸ ਦਾ ਲਾਈਵ ਪ੍ਰਸਾਰਣ ਕੀਤਾ ਜਿਸ ਦਾ ਕੇਂਦਰ ਸਰਕਾਰ ਤੇ ਬੀਬਐਮਬੀ ਵੱਲੋਂ ਵਿਰੋਧ ਕੀਤਾ ਗਿਆ ਸੀ।
ਭਾਖੜਾ ਡੈਮ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੁਣ ਉਥੇ ਪੰਜਾਬ ਪੁਲੀਸ ਅਤੇ ਹਿਮਾਚਲ ਪ੍ਰਦੇਸ਼ ਪੁਲੀਸ ਦੇ ਮੁਲਾਜ਼ਮਾਂ ਨੂੰ ਹਟਾ ਕੇ ਸੀਆਈਐੱਸਐੱਫ ਦੇ ਜਵਾਨਾਂ ਨੂੰ ਲਗਾਇਆ ਗਿਆ ਹੈ। ਭਾਖੜਾ ਡੈਮ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਕਿਸੇ ਨੂੰ ਵੀ ਉਥੇ ਫੋਟੋ ਅਤੇ ਵੀਡੀਓ ਸ਼ੂਟ ਕਰਨ ਦੀ ਇਜਾਜ਼ਤ ਨਹੀਂ ਹੈ। ਉਧਰ, ਪੰਜਾਬ ਪੁਲੀਸ ਦੇ ਜਵਾਨ ਹੀ ਨੰਗਲ ਡੈਮ ਦੀ ਸੁਰੱਖਿਆ ਕਰ ਰਹੇ ਹਨ ਜੋ ਡੈਮ ’ਤੇ ਫੋਟੋ ਖਿੱਚਣ ਵਾਲੇ ਲੋਕਾਂ ਅਗੇ ਬੇਵੱਸ ਹਨ। ਨੰਗਲ ਡੈਮ ਦੀ ਸੁਰੱਖਿਆ ’ਚ ਤਾਇਨਾਤ ਡੀਐਸਪੀ (ਸੁਰੱਖਿਆ ਵਿੰਗ) ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਥਾਣਾ ਨੰਗਲ ਵਿੱਚ ਕੇਸ ਦਰਜ ਹੋਏ ਹਨ। ਜੇਕਰ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਸੂਤਰਾਂ ਦੇ ਹਵਾਲੇ ਨਾਲ ਨੰਗਲ ਡੈਮ ਦੀ ਸੁਰੱਖਿਆ ਲਈ ਵੀ ਸੀਆਈਐੱਸਐੱਫ ਨੂੰ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਜਲਦੀ ਹੀ ਨੰਗਲ ਡੈਮ ਉਕਤ ਸੁਰੱਖਿਆ ਫੋਰਸ ਦੇ ਸਪੁਰਦ ਕਰ ਦਿੱਤਾ ਜਾਵੇਗਾ।

