ਰਾਵੀ ਦਰਿਆ ਤੋਂ ਨੌਂ ਕਿਲੋਮੀਟਰ ਦੂਰ ਤੱਕ ਦੇ ਪਿੰਡ ਪਾਣੀ ਦੀ ਲਪੇਟ ’ਚ ਆਏ
ਰਾਵੀ ਦਰਿਆ ਦੇ ਪਾਣੀ ਨੇ ਗੁਰਦਾਸਪੁਰ ਤੋਂ ਛੇ ਕਿੱਲੋਮੀਟਰ ਦੂਰ ਸਥਿਤ ਮਗਰ ਮੂਧੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਜੋ ਦਰਿਆ ਦਰਿਆ ਤੋਂ ਨੌਂ ਕਿੱਲੋਮੀਟਰ ਦੂਰ ਪੈਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ ਛੇ-ਛੇ ਸੱਤ ਸੱਤ ਫੁੱਟ ਪਾਣੀ ਵੜ ਗਿਆ ਹੈ ਅਤੇ ਲੋਕ ਛੱਤਾਂ ਤੇ ਚੜ੍ਹ ਗਏ ਹਨ ਪਰ ਫ਼ਿਲਹਾਲ ਉਨ੍ਹਾਂ ਤੱਕ ਪ੍ਰਸ਼ਾਸਨ ਦੀ ਮਦਦ ਨਹੀਂ ਪਹੁੰਚੀ ਹੈ। ਦੂਜੇ ਪਾਸੇ ਪਾਣੀ ਮਗਰ ਮੂਧੀਆਂ ਤੱਕ ਪਹੁੰਚਣ ਕਾਰਨ ਆਲ਼ੇ ਦੁਆਲੇ ਦੇ ਲੋਕ ਵੀ ਸਹਿਮ ਗਏ ਹਨ ਕਿਉਂਕਿ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ। ਜੇਕਰ ਫ਼ਸਲਾਂ ਤੇ ਡੰਗਰ ਵੱਛਿਆਂ ਦੀ ਗੱਲ ਕਰੀਏ ਤਾਂ ਦੋਹਾਂ ਦਾ ਵੱਡਾ ਨੁਕਸਾਨ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ।
ਧੁੱਸੀ ਬੰਨ੍ਹ ਵਿੱਚ ਛੇ ਤੋਂ ਵੱਧ ਥਾਵਾਂ 'ਤੇ ਤਰੇੜਾਂ ਆ ਗਈਆਂ ਹਨ । ਜਿਸ ਕਾਰਨ ਬੰਨ੍ਹ ਵਾਲੇ ਖੇਤਰ ਦੇ ਨਾਲ ਲੱਗਦੇ ਲਗਭਗ ਸਾਰੇ ਪਿੰਡ ਤਿੰਨ ਤੋਂ ਪੰਜ ਫੁੱਟ ਤੱਕ ਪਾਣੀ ਨਾਲ ਭਰ ਗਏ ਹਨ। ਇਨ੍ਹਾਂ ਪਿੰਡਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਵੀ ਡੁੱਬ ਗਈਆਂ ਹਨ। ਰਾਵੀ ਦਰਿਆ ਦੇ ਮਕੌੜਾ ਪੱਤਣ ਦੇ ਪਾਰ ਪਾਕਿਸਤਾਨ ਨਾਲ ਲੱਗਦੇ ਸਾਰੇ ਸੱਤ ਪਿੰਡ, ਤੂਰ, ਚੇਬੇ, ਲਸਿਆਣ, ਮਮੀ ਚੱਕ ਰੰਗਾ, ਭਰਿਆਲ, ਝੁਬਰ ਅਤੇ ਕਜਲੇ, ਚੌਥੇ ਦਿਨ ਵੀ ਭਾਰਤ ਦੇ ਬਾਕੀ ਹਿੱਸਿਆਂ ਤੋਂ ਕੱਟੇ ਹੋਏ ਹਨ ਅਤੇ ਫ਼ੌਜ ਦੇ ਹੈਲੀਕਾਪਟਰ ਇਨ੍ਹਾਂ ਪਿੰਡਾਂ ਵਿੱਚ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਵਿੱਚ ਲਗਾਤਾਰ ਲੱਗੇ ਹੋਏ ਹਨ। ਵਿਸ਼ੇਸ਼ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਅਤੇ ਖਾਣ-ਪੀਣ ਦੀਆਂ ਚੀਜ਼ਾਂ ਭੇਜੀਆਂ ਗਈਆਂ ਹਨ। ਦਰਿਆ ਦੇ ਦੂਜੇ ਪਾਸੇ ਮਕੌੜਾ, ਚੱਕ ਰਾਮ ਸਹਾਏ, ਈਮਾਨ, ਝਬਕਰਾ, ਟਾਂਡਾ, ਜੈਨਪੁਰ, ਠੱਠੀ ਫਰੀਦਪੁਰ, ਕਾਹਨਾ, ਸ਼੍ਰੀ ਰਾਮਪੁਰ, ਸੰਦਲਪੁਰ, ਹਸਨਪੁਰ, ਉਗਰਾ, ਜੋਗਰਾਂ, ਬਾਊਪੁਰ ਜੱਟਾਂ, ਸੁਲਤਾਨੀ, ਧਕਲਾ, ਗਾਲ੍ਹੜੀ, ਨੌਸ਼ਹਿਰਾ, ਠਾਣੇਪੁਰ, ਸਮੇਤ ਕਰੀਬ 80 ਪਿੰਡ ਹਨ। ਮਲੂਕਚੱਕ, ਦਬੂੜੀ, ਕਮਾਲਪੁਰ, ਚੌਂਤਰਾ, ਦੁੱਗਰੀ, ਗੰਜੀ, ਗੰਜਾ, ਹੜ੍ਹ ਦੀ ਲਪੇਟ ਵਿੱਚ ਹਨ। ਬਹਿਰਾਮਪੁਰ ਤੋਂ ਅੱਗੇ ਗਾਲ੍ਹੜੀ, ਦੋਰਾਂਗਲਾ, ਮਰਾੜਾ, ਝਬਕੜਾ, ਮਕੌੜਾ ਆਦਿ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਕਰੀਬ ਚਾਰ ਫੁੱਟ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਫ਼ੌਜ, ਐੱਨ.ਡੀ.ਆਰ.ਐੱਫ਼., ਗੁਰਦੁਆਰਾ ਬੜੀ ਸਾਹਿਬ ਦੀਆਂ ਟੀਮਾਂ ਕਿਸ਼ਤੀਆਂ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਭੋਜਨ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾ ਰਹੀਆਂ ਹਨ ਅਤੇ ਇਨ੍ਹਾਂ ਪਿੰਡਾਂ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੇ ਕੰਮ 'ਚ ਜੁੱਟੀਆਂ ਹੋਈਆਂ ਹਨ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਗਠਨ ਵੀ ਅੱਗੇ ਆਏ ਹਨ।