ਪਿੰਡ ਵਾਸੀਆਂ ਨੇ ਮੋਟਰ ਸਾਈਕਲ ਚੋਰੀ ਦੇ ਸ਼ੱਕ ’ਚ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ
ਕੁੱਟਮਾਰ ਦੀ ਵੀਡੀਓ ਵਾਇਰਲ; ਪੁਲੀਸ ’ਤੇ ਮੂਕ ਦਰਸ਼ਕ ਬਣੇ ਰਹਿਣ ਦਾ ਦੋਸ਼; ਮਾਮਲੇ ਦੀ ਜਾਂਚ ਜਾਰੀ: ਡੀਐੱਸਪੀ ਧਰਮਕੋਟ
Advertisement
ਇਥੇ ਥਾਣਾ ਮਹਿਣਾ ਅਧੀਨ ਪਿੰਡ ਰੌਲੀ ਨੇੜੇ ਰੋਹ ਵਿਚ ਆਏ ਲੋਕਾਂ ਨੇ ਕਥਿਤ ਮੋਟਰ ਸਾਈਕਲ ਚੋਰਾਂ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮੌਕੇ ਉੱਤੇ ਪੁੱਜੀ ਪੁਲੀਸ ਮੂਕ ਦਰਸ਼ਕ ਬਣੀ ਰਹੀ। ਲੋਕਾਂ ਦਾ ਦਾਅਵਾ ਹੈ ਕਿ ਇਨ੍ਹਾਂ ਕਥਿਤ ਚੋਰਾਂ ਨੇ ਉਨ੍ਹਾਂ ’ਤੇ ਤਲਵਾਰਾਂ ਨਾਲ ਹਮਲਾ ਵੀ ਕੀਤਾ ਹੈ। ਇਹ ਘਟਨਾ 14 ਅਗਸਤ ਦੀ ਦੱਸੀ ਜਾਂਦੀ ਹੈ।
ਡੀਅੇੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਨੌਜਵਾਨਾਂ ਦੀ ਕੁੱਟ ਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੀ ਪੁਸ਼ਟੀ ਕਰਦੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਥਾਣਾ ਧਰਮਕੋਟ ਅਧੀਨ ਪਿੰਡ ਭਿੰਡਰ ਕਲਾਂ ਤੋਂ ਕੁਝ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ। ਲੋਕਾਂ ਨੇ ਇਨ੍ਹਾਂ ਨੌਜਵਾਨਾਂ ਦਾ ਪਿੱਛਾ ਕਰਦਿਆਂ ਪਿੰਡ ਰੌਲੀ ਅਤੇ ਪਿੰਡ ਦਾਤਾ ਨੇੜੇ ਇਨ੍ਹਾਂ ਨੂੰ ਕਾਬੂ ਕਰ ਲਿਆ। ਇਸ ਮੌਕੇ ਰੋਹ ਵਿਚ ਆਏ ਲੋਕਾਂ ਨੇ ਨੌਜਵਾਨਾਂ ਦੀ ਬੇਰਹਿਮੀ ਨਾਲ ਲੱਤਾਂ ਤੇ ਡੰਡਿਆਂ ਨਾਲ ਰੱਜ ਕੇ ਕੁੱਟ ਮਾਰ ਕੀਤੀ। ਇਸ ਮੌਕੇ ਕਿਸੇ ਵਿਅਕਤੀ ਵੱਲੋਂ ਘਟਨਾ ਦੀ ਵੀਡੀਓ ਵੀ ਬਣਾਈ ਗਈ, ਜੋ ਬਾਅਦ ਵਿਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ।
ਕਾਬੂ ਕੀਤੇ ਗਏ ਤਿੰਨੇ ਨੌਜਵਾਨ ਥਾਣਾ ਬਾਘਾ ਪੁਰਾਣਾ ਅਧੀਨ ਇੱਕ ਪਿੰਡ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਲੋਕਾਂ ਮੁਤਾਬਕ ਤਿੰਨ ਨੌਜਵਾਨ ਕਾਬੂ ਕਰ ਲਏ ਅਤੇ ਕੁਝ ਫਰਾਰ ਹੋ ਗਏ ਹਨ। ਜਿਸ ਮੁੰਡੇ ਨੇ ਇਨ੍ਹਾਂ ਕਥਿਤ ਚੋਰਾਂ ਨੂੰ ਫੜਿਆ ਹੈ, ਉਸ ਦੇ ਵੀ ਸਿਰ ’ਤੇ ਸੱਟ ਲੱਗੀ ਹੈ ਅਤੇ ਇਹ ਸੱਟ ਮੁਲਜ਼ਮਾਂ ਵੱਲੋਂ ਕਿਰਪਾਨ ਨਾਲ ਹਮਲਾ ਕਰਕੇ ਮਾਰੀ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਹਿਣਾ ਪੁਲੀਸ ਮੌਕੇ ਉੱਤੇ ਪੁੱਜੀ ਪਰ ਕਥਿਤ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ਦੇ ਪਿੰਡ ਵਿਚ ਮੋਟਰ ਸਾਈਕਲ ਚੋਰੀ ਦੀ ਇਹ ਤੀਜੀ ਘਟਨਾ ਹੈ।
Advertisement
×