ਪਿੰਡ ਅੰਦਰ ਵਿਆਹ ਦਾ ਮਾਮਲਾ: ਪੰਚਾਇਤਾਂ ਵੱਲੋਂ ਮੁਕੰਮਲ ਪਾਬੰਦੀ ਦੀ ਮੰਗ
ਫਰੀਦਕੋਟ ਜ਼ਿਲ੍ਹੇ ਦੇ ਸਿਰਸੜੀ ਅਤੇ ਅਨੋਖਪੁਰਾ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਂਝੇ ਤੌਰ 'ਤੇ ਇੱਕ ਮਤਾ ਪਾਸ ਕੀਤਾ ਹੈ ਜਿਸ ਵਿੱਚ ਇਕੋ ਪਿੰਡ ਦੇ ਮੁੰਡੇ-ਕੁੜੀਆਂ ਦੇ ਵਿਆਹਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਦੋਹਾਂ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਵੱਲੋਂ ਸਰਬਸੰਮਤੀ ਨਾਲ ਸਹੀਬੰਦ ਇਸ ਫੈਸਲੇ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਆਹਾਂ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਰਾਹੀਂ ਇੱਕ ਸਖ਼ਤ ਕਾਨੂੰਨ ਬਣਾਇਆ ਜਾਵੇ।
ਗ੍ਰਾਮ ਪੰਚਾਇਤ ਸਿਰਸੜੀ ਅਤੇ ਅਨੋਖਪੁਰਾ ਵੱਲੋਂ ਸਰਪੰਚ ਗਿਆਨ ਕੌਰ ਅਤੇ ਬਲਜੀਤ ਸਿੰਘ ਦੀ ਅਗਵਾਈ ਹੇਠ ਜਾਰੀ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਪਿੰਡ ਦੇ ਅੰਦਰ ਵਿਆਹ ਨਾ ਸਿਰਫ਼ ਸਮਾਜਿਕ ਸਦਭਾਵਨਾ ਨੂੰ ਵਿਗਾੜ ਰਹੇ ਹਨ ਸਗੋਂ ਪੇਂਡੂ ਖੇਤਰਾਂ ਵਿੱਚ ਹਿੰਸਕ ਝਗੜਿਆਂ ਅਤੇ ਇੱਥੋਂ ਤੱਕ ਕਿ ਕਤਲਾਂ ਦੇ ਵੀ ਕਾਰਨ ਬਣ ਰਹੇ ਹਨ।
ਸਰਪੰਚ ਗਿਆਨ ਕੌਰ ਨੇ ਕਿਹਾ, " ਹਾਲ ਦੇ ਸਾਲਾਂ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਪਿੰਡ ਦੇ ਅੰਦਰ ਵਿਆਹ ਪਰਿਵਾਰਕ ਝਗੜਿਆਂ, ਪਿੰਡ ਵਾਸੀਆਂ ਦੀਆਂ ਲੜਾਈਆਂ ਅਤੇ ਕਤਲਾਂ ਦਾ ਕਾਰਨ ਬਣੇ ਹਨ ਜਿਸ ਨਾਲ ਪਿੰਡਾਂ ਦੀ ਸ਼ਾਂਤੀ ਭੰਗ ਹੋ ਰਹੀ ਹੈ।"
ਪਿੰਡ ਦੇ ਆਗੂਆਂ ਦਾ ਤਰਕ ਹੈ ਕਿ ਪਿੰਡ ਦੇ ਅੰਦਰ ਵਿਆਹਾਂ 'ਤੇ ਪਾਬੰਦੀ ਲਗਾਉਣ ਨਾਲ ਜਿੱਥੇ ਇਨ੍ਹਾਂ ਲੜਾਈਆਂ ਤੋਂ ਨਿਜਾਤ ਮਿਲੇਗੀ, ਉੱਥੇ ਹੀ ਭਾਈਚਾਰਕ ਸਾਂਝ ਵੀ ਬਣੀ ਰਹੇਗੀ।
ਪੰਜਾਬ ਸਰਕਾਰ ਤੋਂ ਤੁਰੰਤ ਕਾਨੂੰਨੀ ਦਖ਼ਲ ਦੀ ਮੰਗ ਕਰਦੇ ਇਸ ਮਤੇ ਵਿੱਚ ਲਿਖਿਆ ਗਿਆ ਹੈ ਕਿ ਜੇ ਸੂਬਾ ਸਰਕਾਰ ਅਜਿਹੇ ਵਿਆਹਾਂ 'ਤੇ ਪਾਬੰਦੀ ਲਗਾਉਣ ਵਾਲਾ ਸਪੱਸ਼ਟ ਕਾਨੂੰਨ ਬਣਾਉਂਦੀ ਹੈ ਤਾਂ ਇਸ ਨਾਲ ਪਿੰਡਾਂ ਵਿੱਚ ਵਧ ਰਹੀ ਅਪਰਾਧ ਦਰ ਨੂੰ ਘਟਾਉਣ ਅਤੇ ਪੇਂਡੂ ਪੰਜਾਬ ਵਿੱਚ ਸਮਾਜਿਕ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਮਿਲੇਗੀ।
ਹੋਰ ਖ਼ਬਰਾਂ ਪੜ੍ਹੋ:ਮਰਿਆਦਾ ਉਲੰਘਣਾ ਮਾਮਲਾ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗੀ ਮੁਆਫ਼ੀ