ਵਿਜੈ ਸਿੰਗਲਾ ਦੀ ਆਵਾਜ਼ ਦੇ ਨਮੂਨੇ ਮੇਲ ਨਹੀਂ ਖਾ ਰਹੇ: ਭਗਵੰਤ ਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਪੁਲੀਸ ਵੱਲੋਂ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ਖ਼ਿਲਾਫ਼ ਦਰਜ ਕੇਸ ’ਚ ਦਾਇਰ ਕੀਤੀ ਕੈਂਸਲੇਸ਼ਨ ਰਿਪੋਰਟ ਬਾਰੇ ਕਿਹਾ ਹੈ ਕਿ ਫੋਰੈਂਸਿਕ ਜਾਂਚ ’ਚ ਆਵਾਜ਼ ਦੇ ਨਮੂਨੇ, ਵਿਜੈ ਸਿੰਗਲਾ ਦੀ ਆਵਾਜ਼ ਨਾਲ ਮੇਲ ਨਹੀਂ ਖਾ ਰਹੇ ਸਨ ਜਿਸ ਕਰ ਕੇ ਅਜਿਹਾ ਹੋਇਆ ਹੈ। ਵਿਜੈ ਸਿੰਗਲਾ ਨੂੰ ਮੁੜ ਤੋਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਿੰਗਲਾ ਦੀ ਮੁੜ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਮੁਹਾਲੀ ਪੁਲੀਸ ਨੇ 2 ਜੂਨ ਨੂੰ ਜ਼ਿਲ੍ਹਾ ਅਦਾਲਤ ਮੁਹਾਲੀ ਵਿੱਚ ਵਿਜੈ ਸਿੰਗਲਾ ਖ਼ਿਲਾਫ਼ ਦਰਜ ਕੇਸ ਰੱਦ ਕਰਵਾਉਣ ਲਈ ਕੈਂਸਲੇਸ਼ਨ ਰਿਪੋਰਟ ਦਾਖ਼ਲ ਕਰ ਦਿੱਤੀ ਹੈ ਅਤੇ ਅਦਾਲਤ ਨੇ 14 ਜੁਲਾਈ ਲਈ ਫ਼ੈਸਲਾ ਰਾਖਵਾਂ ਰੱਖਿਆ ਹੋਇਆ ਹੈ। ਜਾਂਚ ਅਧਿਕਾਰੀ ਨੇ ਕਿਹਾ ਸੀ ਕਿ ਵਿਜੈ ਸਿੰਗਲਾ ਦੀ ਆਵਾਜ਼ ਦੇ ਨਮੂਨੇ ਫੋਰੈਂਸਿਕ ਸਾਇੰਸ ਲੈਬ ਦੀ ਰਿਪੋਰਟ ਨਾਲ ਮੇਲ ਨਹੀਂ ਖਾਂਦੇ ਹਨ ਅਤੇ ਭ੍ਰਿਸ਼ਟਾਚਾਰ ਦਾ ਕੋਈ ਠੋਸ ਸਬੂਤ ਵੀ ਨਹੀਂ ਮਿਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਜੈ ਸਿੰਗਲਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵੀ ਇਹੋ ਦਲੀਲ ਦਿੱਤੀ। ਵਿਰੋਧੀ ਧਿਰਾਂ ਨੇ ਪਿਛਲੇ ਸਮੇਂ ਦੌਰਾਨ ਵਿਜੈ ਸਿੰਗਲਾ ਨੂੰ ਕਲੀਨ ਚਿੱਟ ਦਿੱਤੇ ਜਾਣ ’ਤੇ ਕਾਫ਼ੀ ਰੌਲਾ ਪਾਇਆ ਸੀ। ਪੁਲੀਸ ਨੇ ਸਿੰਗਲਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਹੀਂ ਕੀਤੀ ਸੀ ਜਦੋਂ ਕਿ ਉਨ੍ਹਾਂ ਦੇ ਓਐੱਸਡੀ ਪ੍ਰਦੀਪ ਕੁਮਾਰ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਸੀ। ਮੁਹਾਲੀ ਪੁਲੀਸ ਨੇ 24 ਮਈ 2022 ਨੂੰ ਵਿਜੈ ਸਿੰਗਲਾ ਅਤੇ ਉਸ ਦੇ ਓਐੱਸਡੀ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।