ਮਜੀਠੀਆ ਨੂੰ ਪੁੱਛ ਪੜਤਾਲ ਲਈ ਲੈ ਗਈ ਵਿਜੀਲੈਂਸ ਦੀ ਟੀਮ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 30 ਜੂਨ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਕੋਲ ਰਿਮਾਂਡ ’ਤੇ ਚੱਲ ਰਹੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਵਿਜੀਲੈਂਸ ਦੇ ਅਧਿਕਾਰੀ ਵਿਭਾਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਤੋਂ ਕਿਧਰੇ ਗਏ। ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਵਿਜੀਲੈਂਸ ਦੀ ਟੀਮ ਸਵੇਰੇ ਸਾਢੇ ਕੁ ਛੇ ਵਜੇ ਦੇ ਕਰੀਬ ਮੁਹਾਲੀ ਤੋਂ ਲੈ ਕੇ ਨਿਕਲੀ। ਸ਼ਾਮ ਤੱਕ ਟੀਮ ਮਜੀਠੀਆ ਨੂੰ ਵਾਪਸ ਲੈ ਕੇ ਨਹੀਂ ਪਰਤੀ ਸੀ। ਭਾਵੇਂ ਅਧਿਕਾਰਤ ਤੌਰ ’ਤੇ ਵਿਜੀਲੈਂਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਨੂੰ ਵਿਜੀਲੈਂਸ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਅਤੇ ਹੋਰ ਥਾਵਾਂ ’ਤੇ ਲੈ ਕੇ ਗਈ ਹੈ। ਮਜੀਠੀਆ ਦਾ ਰਿਮਾਂਡ 2 ਜੁਲਾਈ ਨੂੰ ਖਤਮ ਹੋ ਰਿਹਾ ਹੈ। ਇਸੇ ਦੌਰਾਨ, ਅੰਮ੍ਰਿਤਸਰ ਦੇ ਸਿਆਸਤਦਾਨ ਮਨਜਿੰਦਰ ਬਿੱਟੂ ਔਲਖ ਅਤੇ ਕਾਰੋਬਾਰੀ ਜਗਜੀਤ ਚਾਹਲ, ਜਿਹੜੇ ਕਿ 2013 ਵਿੱਚ ਦਰਜ ਹੋਏ ਡਰੱਗ ਮਾਮਲਿਆਂ ਸਬੰਧੀ ਮੁਕੱਦਮਾ ਭੁਗਤ ਚੁੱਕੇ ਹਨ, ਨੇ ਵੀ ਅੱਜ ਦੁਪਹਿਰੇ ਵਿਜੀਲੈਂਸ ਦੇ ਦਫ਼ਤਰ ਪਹੁੰਚ ਕੇ ਬਿਆਨ ਦਰਜ ਕਰਾਏ। ਬਿੱਟੂ ਔਲਖ ਨੇ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਜਾਣਕਾਰੀ ਮੌਜੂਦ ਸੀ, ਉਹ ਦੇ ਆਏ ਹਨ। ਇਸ ਮੌਕੇ ਉਨ੍ਹਾਂ ਜਗਦੀਸ਼ ਭੋਲਾ ਡਰੱਗ ਮਾਮਲੇ ਨਾਲ ਜੁੜੇ ਹੋਏ ਤਤਕਾਲੀ ਪੁਲੀਸ ਅਫ਼ਸਰ ਦਾ ਨਾਮ ਲੈ ਕੇ ਉਨ੍ਹਾਂ ਦੀ ਇਸ ਮਾਮਲੇ ਵਿੱਚ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸਬੰਧਤ ਅਫ਼ਸਰ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜੇ ਕਿਸੇ ਸਰਕਾਰ ਨੇ ਉਨ੍ਹਾਂ ਦੀ ਭੂਮਿਕਾ ਦੀ ਪਹਿਲਾਂ ਜਾਂਚ ਕੀਤੀ ਹੁੰਦੀ, ਤਾਂ ਬਹੁਤ ਸਾਰੀਆਂ ਗੱਲਾਂ ਸਪੱਸ਼ਟ ਹੋ ਜਾਣੀਆਂ ਸਨ।