ਬਾਬਾ ਫ਼ਰੀਦ ਮੈਡੀਕਲ ’ਵਰਸਿਟੀ ਦੀਆਂ ਇਮਾਰਤਾਂ ਦੀ ਪੜਤਾਲ ਕਰਨ ਪੁੱਜੀ ਵਿਜੀਲੈਂਸ
ਅੱਜ ਇੱਥੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿੱਚ ਵਿਜੀਲੈਂਸ ਵਿਭਾਗ ਦੀ 20 ਮੈਂਬਰੀ ਟੀਮ ਨੇ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੇ ਸੈਨੇਟ ਹਾਲ, ਐੱਸਟੀਪੀ ਸਣੇ ਅੱਧੀ ਦਰਜਨ ਇਮਾਰਤਾਂ ਦੀ ਪੜਤਾਲ ਕੀਤੀ, ਜਿਸ ਵਿੱਚ ਵਾਈਸ ਚਾਂਸਲਰ ਦਾ ਬੰਗਲਾ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਦੀ ਟੀਮ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਆ ਚੁੱਕੀ ਹੈ। ਸੂਤਰਾਂ ਅਨੁਸਾਰ ਯੂਨੀਵਰਸਿਟੀ ਵਿੱਚ ਬਣਾਈਆਂ ਗਈਆਂ ਇਮਾਰਤਾਂ ਵਿੱਚ ਕਥਿਤ ਤੌਰ ‘ਤੇ ਹੋਈ ਘਪਲੇਬਾਜ਼ੀ ਬਾਰੇ ਵਿਜੀਲੈਂਸ ਬਿਊਰੋ ਨੂੰ ਲਿਖਤੀ ਸ਼ਿਕਾਇਤ ਮਿਲੀ ਸੀ। ਵਿਜੀਲੈਂਸ ਹੁਣ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ। ਵਿਜੀਲੈਂਸ ਦੇ ਕਿਸੇ ਅਧਿਕਾਰੀ ਨੇ ਇਸ ਪੜਤਾਲ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਵਿਜੀਲੈਂਸ ਟੀਮ ਨੇ ਪਿਛਲੇ ਸਮੇਂ ਵਿੱਚ ਕੁਝ ਰਿਕਾਰਡ ਮੰਗਿਆ ਸੀ ਜੋ ਯੂਨੀਵਰਸਿਟੀ ਪਹਿਲਾਂ ਹੀ ਮੁਹੱਈਆ ਕਰਵਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਅਧਿਕਾਰੀ ਨੇ ਯੂਨੀਵਰਸਿਟੀ ਦੀਆਂ ਇਮਾਰਤਾਂ ਦੀ ਉਸਾਰੀ ਦੌਰਾਨ ਕੋਈ ਘਪਲੇਬਾਜ਼ੀ ਕੀਤੀ ਹੋਵੇਗੀ ਤਾਂ ਉਸ ਦੇ ਸਿੱਟੇ ਉਸ ਨੂੰ ਭੁਗਤਣੇ ਪੈਣਗੇ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਅੱਧੀ ਦਰਜਨ ਡਾਕਟਰ ਵਿਜੀਲੈਂਸ ਦੀ ਜਾਂਚ ਦੇ ਘੇਰੇ ਅੰਦਰ ਹਨ। ਇਹ ਡਾਕਟਰ ਯੂਨੀਵਰਸਿਟੀ ਲਈ ਖਰੀਦੇ ਗਏ ਸਮਾਨ ਲਈ ਬਣਾਈ ਕਮੇਟੀ ਦੇ ਮੈਂਬਰ ਅਤੇ ਅਹੁਦੇਦਾਰ ਸਨ। ਵਿਜੀਲੈਂਸ ਨੇ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਇੰਜਨੀਅਰਾਂ ਦੇ ਵੀ ਬਿਆਨ ਦਰਜ ਕੀਤੇ ਹਨ।