ਵਿਜੀਲੈਂਸ ਵੱਲੋਂ ਐੱਸ ਡੀ ਐੱਮ ਪਾਂਥੇ ਗ੍ਰਿਫ਼ਤਾਰ
ਬਟਾਲਾ ਤੋਂ 14 ਲੱਖ ਤੇ ਨਿਊ ਚੰਡੀਗੜ੍ਹ ਰਿਹਾਇਸ਼ ਤੋਂ ਪੰਜ ਲੱਖ ਨਗਦੀ ਸਣੇ ਹੋਰ ਦਸਤਾਵੇਜ਼ ਬਰਾਮਦ
ਐੱਸ ਡੀ ਐੱਮ-ਕਮ-ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵਿਕਰਮਜੀਤ ਸਿੰਘ ਪਾਂਥੇ ਨੂੰ ਵਿਜੀਲੈਂਸ ਨੇ ਲੰਘੀ ਦੇਰ ਸ਼ਾਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇੱਥੋਂ ਦੇ ਬੀਕੋ ਕੰਪਲੈਕਸ ਦੇ ਬਾਸ਼ਿੰਦੇ ਅਮਰਪਾਲ ਸਿੰਘ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕਰਦਿਆਂ ਵਿਜੀਲੈਂਸ ਨੇ ਜਦੋਂ ਐੱਸ ਡੀ ਐੱਮ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਤਾਂ ਉੱਥੋਂ 13 ਲੱਖ ਰੁਪਏ ਤੋਂ ਵੱਧ ਰਕਮ ਸਣੇ ਹੋਰ ਦਸਤਾਵੇਜ਼ ਬਰਾਮਦ ਹੋਏ। ਵਿਜੀਲੈਂਸ ਨੇ ਜਦੋਂ ਉਸ ਦੀ ਨਿਊ ਚੰਡੀਗੜ੍ਹ ਰਿਹਾਇਸ਼ ’ਤੇ ਛਾਪਾ ਮਾਰਿਆ ਤਾਂ ਉੱਥੋਂ ਵੀ ਪੰਜ ਲੱਖ ਰੁਪਏ ਮਿਲੇ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਸ ਨੇ ਨਿਗਮ ਅਧੀਨ ਆਉਂਦੀਆਂ ਸੜਕਾਂ ਦੀ ਮੁਰੰਮਤ ਕੀਤੀ ਸੀ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਮੌਕੇ ਸ਼ਿਕਾਇਤਕਰਤਾ ਦੇ ਕੈਮਰਿਆਂ ਦੇ ਬਿੱਲ ਦਾ ਭੁਗਤਾਨ (5,54,395 ਰੁਪਏ) ਵੀ ਸ਼ਾਮਲ ਹੈ। ਉਹ ਭੁਗਤਾਨ ਲਈ ਨਿਗਮ ਕਮਿਸ਼ਨਰ ਵਿਕਰਮਜੀਤ ਪਾਂਥੇ ਕੋਲ ਗਿਆ ਤਾਂ ਉਨ੍ਹਾਂ ਕਥਿਤ ਦਸ ਫ਼ੀਸਦੀ ਹਿੱਸੇ ਦੀ ਮੰਗ ਕਰਦਿਆਂ ਐੱਸ ਡੀ ਓ ਰੋਹਿਤ ਉੱਪਲ ਨੂੰ ਮਿਲਣ ਲਈ ਕਿਹਾ ਸੀ। ਸ਼ਿਕਾਇਤਕਰਤਾ ਜਦੋਂ ਉੱਪਲ ਕੋਲ ਗਿਆ ਤਾਂ ਉਸ ਨੇ ਨੌਂ ਫ਼ੀਸਦੀ ਕਮਿਸ਼ਨ ਦੇਣ ’ਤੇ ਗੱਲ ਮੁਕਾ ਦਿੱਤੀ। ਵਿਜੀਲੈਂਸ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ ਤੇ ਉਸ ਨੇ ਇਹ ਰਕਮ ਐੱਸ ਡੀ ਐੱਮ ਪਾਂਥੇ ਨੂੰ ਦੇ ਦਿੱਤੀ। ਵਿਜੀਲੈਂਸ ਨੇ ਸ਼ੁੱਕਰਵਾਰ ਰਾਤ ਕਰੀਬ ਸਾਢੇ ਨੌਂ ਵਜੇ ਐੱਸ ਡੀ ਐੱਮ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਟੀਮ ਆਪਣੇ ਨਾਲ ਲੈ ਗਈ। ਕੱਲ੍ਹ ਦੇਰ ਰਾਤ ਵਿਜੀਲੈਂਸ ਬਿਉੂਰੋ ਅੰਮ੍ਰਿਤਸਰ ਨੇ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕੀਤਾ।
ਅਦਾਲਤ ਨੇ ਪਾਂਥੇ ਨੂੰ ਤਿੰਨ ਰੋਜ਼ਾ ਰਿਮਾਂਡ ’ਤੇ ਭੇਜਿਆ
ਵਿਜੀਲੈਂਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਐੱਸ ਡੀ ਐੱਮ ਵਿਕਰਮਜੀਤ ਸਿੰਘ ਪਾਂਥੇ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਦੇ ਘਰੋਂ 13 ਲੱਖ ਰੁਪਏ ਅਤੇ ਕੁਝ ਠੇਕੇਦਾਰਾਂ ਦੇ ਚੈੱਕ ਮਿਲੇ ਹਨ। ਜਦੋਂ ਕਿ 13 ਲੱਖ ਰੁਪਏ ’ਤੇ ਲਪੇਟੀ ਇੱਕ ਲਿਸਟ ਵੀ ਮਿਲੀ ਹੈ।

