ਵਿਜੀਲੈਂਸ ਵੱਲੋਂ ਡਰੱਗ ਮਨੀ ਮਾਮਲੇ ’ਚ ਮਜੀਠੀਆ ਅੰਿਮ੍ਰਤਸਰ ਤੋਂ ਗ੍ਰਿਫ਼ਤਾਰ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ (ਮੁਹਾਲੀ), 25 ਜੂਨ
ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਸਵਰਨਦੀਪ ਸਿੰਘ ਦੇ ਬਿਆਨਾਂ ਉੱਤੇ ਵਿਜੀਲੈਂਸ ਬਿਊਰੋ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ’ਚ ਐੱਫਆਈਆਰ ਨੰਬਰ 22 ਤਹਿਤ ਅੱਜ ਤੜਕੇ 4 ਵਜ ਕੇ 40 ਮਿੰਟ ਉੱਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੀਬੀਐਕਟ 1988 ਅਤੇ ਅਮੈਂਡਮੈਂਟ ਐਕਟ 2018 ਦੇ ਸੈਕਸ਼ਨ 13(1) ਬੀ, ਰ/ਵ 13(2) ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਸ਼ਾਮ ਚਾਰ ਵਜ ਕੇ ਪੰਜ ਮਿੰਟ ਉੱਤੇ ਵਿਜੀਲੈਂਸ ਬਿਊਰੋ ਦੇ ਫੇਜ਼-8 ਵਿਚਲੇ ਮੁੱਖ ਦਫ਼ਤਰ ਵਿਖੇ ਲਿਆਂਦਾ ਗਿਆ। ਪੁਲੀਸ ਅਤੇ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਵੱਲੋਂ ਖ਼ਬਰ ਲਿਖੇ ਜਾਣ ਤੱਕ ਬਿਕਰਮ ਸਿੰਘ ਮਜੀਠੀਆ ਦੀ ਪੁੱਛ-ਗਿੱਛ ਜਾਰੀ ਸੀ। ਪੁਲੀਸ ਨੇ ਸਮੁੱਚੇ ਖੇਤਰ ਦੀ ਸਖ਼ਤ ਨਾਕੇਬੰਦੀ ਕੀਤੀ ਹੋਈ ਸੀ। ਐੱਸਪੀ ਰਮਨਦੀਪ ਸਿੰਘ, ਡੀਐੱਸਪੀ ਹਰਸਿਮਰਨ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਵਿਜੀਲੈਂਸ ਭਵਨ ਦੇ ਬਾਹਰ ਤਾਇਨਾਤ ਸਨ ਅਤੇ ਸਮੁੱਚਾ ਖੇਤਰ ਪੁਲੀਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਮਜੀਠੀਆ ਖ਼ਿਲਾਫ਼ 2021 ਵਿਚ ਦਰਜ ਐੱਫਆਈਆਰ ਦੀ ਸਿੱਟ ਅਤੇ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੇ ਆਧਾਰ ਉੱਤੇ ਤਾਜ਼ਾ ਕੇਸ ਦਰਜ ਕੀਤਾ ਗਿਆ ਹੈ। ਕੇਸ ਵਿਚ ਜਾਂਚ ਟੀਮ ਵੱਲੋਂ ਮਜੀਠੀਆ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਅਤੇ ਵੱਡੀ ਪੱਧਰ ’ਤੇ ਮਨੀ ਲਾਂਡਰਿੰਗ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਸਰਾਇਆ ਇੰਡਸਟਰੀਜ਼ ਦੇ ਲੈਣ-ਦੇਣ ਵਿਚ ਪ੍ਰਾਪਤ ਹੋਈ ਵੱਡੀ ਰਾਸ਼ੀ ਦਾ ਵੀ ਪਰਚੇ ਵਿਚ ਜ਼ਿਕਰ ਕੀਤਾ ਹੈ। ਐੱਫਆਈਆਰ ਵਿੱਚ ਬਿਕਰਮ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਵਿਚ 161 ਕਰੋੜ ਦੀ ਨਕਦੀ, ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਦੇ ਲੈਣ-ਦੇਣ ਅਤੇ ਹੋਰ ਵਿੱਤੀ ਵੇਰਵਿਆਂ ਦੇ ਸਪੱਸ਼ਟੀਕਰਨ ਤੋਂ ਬਿਨਾਂ ਰਾਸ਼ੀ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਦਰਜ ਐੱਫਆਈਆਰ ਵਿਚ ਮਜੀਠੀਆ ਵੱਲੋਂ 2007-08 ਅਤੇ 2011-12 ਦਰਮਿਆਨ ਭਰੀਆਂ ਗਈਆਂ ਆਮਦਨ ਕਰ ਰਿਟਰਨਾਂ ਅਤੇ ਚੋਣਾਂ ਲੜਨ ਸਮੇਂ ਦਰਸਾਈ ਗਈ ਆਮਦਨ ਵਿੱਚ ਵੱਡਾ ਫ਼ਰਕ ਅਤੇ ਆਮਦਨ ’ਚ ਇਜ਼ਾਫ਼ਾ ਹੋਣ ਦੀ ਗੱਲ ਵੀ ਆਖੀ ਗਈ ਹੈ ਅਤੇ ਇਸ ਰਾਸ਼ੀ ਦੇ ਸਰੋਤਾਂ ਸਬੰਧੀ ਉਂਗਲ ਚੁੱਕੀ ਗਈ ਹੈ। ਵਿਜੀਲੈਂਸ ਬਿਊਰੋ 540 ਕਰੋੜ ਤੋਂ ਵੱਧ ਦੀ ਰਾਸ਼ੀ ਦੀ ਜਾਂਚ ਕਰ ਰਹੀ ਹੈ। ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਖ਼ਿਲਾਫ਼ ਵੱਖ-ਵੱਖ ਥਾਵਾਂ ਉੱਤੇ ਮਾਰੇ ਗਏ ਛਾਪਿਆਂ ਦੌਰਾਨ 30 ਤੋਂ ਵੱਧ ਮੋਬਾਈਲ ਫੋਨ, ਪੰਜ ਲੈਪਟਾਪ, ਤਿੰਨ ਆਈਪੈਡ, ਦੋ ਡੈਸਕਟਾਪ, ਕਈਂ ਡਾਇਰੀਆਂ ਅਤੇ ਹੋਰ ਦਸਤਾਵੇਜ਼ਾਂ ਨੂੰ ਵੀ ਕਬਜ਼ੇ ਵਿਚ ਲਏ ਜਾਣ ਦੀ ਸੂਚਨਾ ਹੈ।
ਮਜੀਠੀਆ ਦੀ ਗ੍ਰਿਫ਼ਤਾਰ ਕਰਨਾ ਸਿਆਸੀ ਬਦਲਾਖੋਰੀ: ਧਾਮੀ
ਅੰਮ੍ਰਿਤਸਰ (ਟਨਸ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵਿਜੀਲੈਂਸ ਵਿਭਾਗ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਬੁਖਲਾਹਟ ਤੇ ਸਿਆਸੀ ਦੁਸ਼ਮਣੀ ਤੋਂ ਪ੍ਰੇਰਿਤ ਕਦਮ ਕਰਾਰ ਦਿੱਤਾ ਹੈ। ਧਾਮੀ ਨੇ ਕਿਹਾ ਕਿ ਲੋਕਤੰਤਰ ’ਚ ਕਿਸੇ ਵੀ ਜਨਤਕ ਆਗੂ ਨੂੰ ਧੱਕੇਸ਼ਾਹੀ ਨਾਲ ਗ੍ਰਿਫ਼ਤਾਰ ਕਰਨਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਮੌਜੂਦਾ ਵਿਧਾਇਕ ਹਨ, ਜਿਸ ਦੇ ਬਾਵਜੂਦ ਮਜੀਠੀਆ ਪਰਿਵਾਰ ਦੇ ਘਰ ਬਿਨਾਂ ਕਿਸੇ ਨੋਟਿਸ ਦੇ ਘੁਸਪੈਠ ਕਰਨਾ ਸਰਕਾਰ ਦੀ ਘਟੀਆ ਸੋਚ ਦਾ ਪ੍ਰਤੀਕ ਹੈ।
ਬਦਲਾਖੋਰੀ ਤਹਿਤ ਕੀਤੀ ਕਾਰਵਾਈ ਨਾਲ ਸਹਿਮਤ ਨਹੀਂ: ਗਿਆਨੀ ਹਰਪ੍ਰੀਤ ਸਿੰਘ
ਬਠਿੰਡਾ (ਪੱਤਰ ਪ੍ਰੇਰਕ): ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵਿਜੀਲੈਂਸ ਕਾਰਵਾਈ ਨਾਲ ਅਸਹਿਮਤੀ ਜਤਾਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ’ਚ ਕਿਹਾ, ‘‘ਮੈਂ ਬਦਲੇ ਦੀ ਭਾਵਨਾ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀਂ। ਜੇ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਬਿਨਾਂ ਕਿਸੇ ਠੋਸ ਸਬੂਤ ਤੋਂ ਕੀਤੀ ਹੈ ਤਾਂ ਇਹ ਨੈਤਿਕ ਤੌਰ ’ਤੇ ਵੀ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੈ। ਇਹ ਸਰਕਾਰ ਨੂੰ ਵੀ ਕਟਹਿਰੇ ਵਿੱਚ ਖੜ੍ਹਾ ਕਰਦੀ ਹੈ।’’
ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਮਘਾਈ: ਧਾਲੀਵਾਲ
ਚੰਡੀਗੜ੍ਹ (ਆਤਿਸ਼ ਗੁਪਤਾ): ‘ਆਪ’ ਆਗੂ ਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਨਸ਼ਿਆਂ ਦਾ ਪਸਾਰ ਹੋਇਆ ਸੀ, ਜਦੋਂ ਕਿ ‘ਆਪ’ ਸਰਕਾਰ ਨਸ਼ਿਆਂ ਨੇ ਖਾਤਮੇ ਦੀ ਕਾਰਵਾਈ ’ਚ ਤੇਜ਼ੀ ਲਿਆਂਦੀ ਹੋਈ ਹੈ। ਉਨ੍ਹਾਂ ਨੇ ਇਹ ਗੱਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ਤੋਂ ਵਿਜੀਲੈਂਸ ਦੇ ਛਾਪੇ ਤੋਂ ਬਾਅਦ ਆਖੀ। ਧਾਲੀਵਾਲ ਨੇ ਕਿਹਾ, ‘‘ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਪੰਜਾਬ ਵਿੱਚ ‘ਨਸ਼ਿਆਂ ਦਾ ਛੇਵਾਂ ਦਰਿਆ’ ਵਗਦਾ ਕਿਹਾ ਜਾਂਦਾ ਸੀ। ਉਸ ਸਮੇਂ ਨਸ਼ਾ ਤਸਕਰੀ ਦੇ ਕਥਿਤ ਮਾਮਲੇ ’ਚ ਨਾਮਜ਼ਦ ਜਗਦੀਸ਼ ਭੋਲਾ ਨੇ ਅਦਾਲਤ ਵਿੱਚ ਮਜੀਠੀਆ ਦਾ ਨਾਂ ਲਿਆ ਸੀ ਪਰ ਪਿਛਲੀਆਂ ਸਰਕਾਰਾਂ ਕਾਰਵਾਈ ਕਰਨ ਵਿੱਚ ਅਸਫਲ ਰਹੀਆਂ। ‘ਆਪ’ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਕੰਮ ਕਰ ਰਹੀ ਹੈ ਤੇ ਨਸ਼ੇ ਖਤਮ ਕਰਕੇ ਰਹੇਗੀ।’’
ਪੀੜਤ ਪਰਿਵਾਰਾਂ ’ਚ ਇਨਸਾਫ਼ ਦੀ ਉਮੀਦ ਜਾਗੀ: ਕਟਾਰੂਚੱਕ
ਚੰਡੀਗੜ੍ਹ (ਟਨਸ): ‘ਆਪ’ ਆਗੂ ਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਕਿਹਾ ਕਿ ਅੱਜ ਨਸ਼ੇ ਕਾਰਨ ਪੀੜਤ ਹਜ਼ਾਰਾਂ ਪਰਿਵਾਰਾਂ ’ਚ ਇਨਸਾਫ਼ ਦੀ ਉਮੀਦ ਜਾਗੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਪੁੱਟਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ, ਜਿਸ ਤਹਿਤ ਸੂਬੇ ਵਿੱਚੋਂ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਾ ਫੈਲਾਉਣ ਵਾਲੇ ਲੋਕ ਕਿਸੇ ਵੀ ਕੀਮਤ ’ਤੇ ਬਖ਼ਸ਼ੇ ਨਹੀਂ ਜਾਣਗੇ, ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਜਾਂ ਸਿਆਸਤਦਾਨ ਕਿਉਂ ਨਾ ਹੋਵੇ।