DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Video - Yatra Sri Hemkunt Sahib: ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜੱਥਾ ਗੁਰਦੁਆਰਾ ਗੋਬਿੰਦ ਘਾਟ ਤੋਂ ਰਵਾਨਾ

Video - Yatra Sri Hemkunt Sahib begins from Gurdwara Sri Gobind Ghat
  • fb
  • twitter
  • whatsapp
  • whatsapp
featured-img featured-img
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ। ਵੀਡੀਓ ਗਰੈਬ X/ @DIPR_UK
Advertisement

ਭਲਕੇ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਕਮਲੇਸ਼ ਭੱਟ

Advertisement

ਚੰਡੀਗੜ੍ਹ, 24 ਮਈ

ਸਿੱਖ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਅਤੇ ਉੱਤਰਾਖੰਡ ਵਿਚ ਹਿਮਾਲਿਆ ਦੀਆਂ ਬਰਫ਼ ਲੱਦੀਆਂ ਉੱਚੀਆਂ ਚੋਟੀਆਂ ਉਤੇ ਸਥਿਤ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਐਤਵਾਰ, 25 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ।

ਕਿਵਾੜ ਖੁੱਲ੍ਹਣ ਤੋਂ ਇੱਕ ਦਿਨ ਪਹਿਲਾਂ ਇਸ ਸਾਲਾਨਾ ਧਾਰਮਿਕ ਯਾਤਰਾ ਦਾ ਆਰੰਭ ਕਰਦਿਆਂ ਪਹਿਲਾ ਜਥਾ ਸ਼ਨਿੱਚਰਵਾਰ ਸਵੇਰੇ 'ਪੰਜ ਪਿਆਰਿਆਂ' ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਗੋਬਿੰਦ ਧਾਮ, ਘਾਂਗਰੀਆ ਲਈ ਰਵਾਨਾ ਹੋ ਗਿਆ।

ਵੀਡੀਓ: ਪਹਿਲਾ ਜੱਥਾ ਰਵਾਨਾ ਹੁੰਦਾ ਹੋਇਆ

ਇਸ ਵਾਰ ਵੀ ਯਾਤਰਾ ਲਈ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਹੁਣ ਤੱਕ 67,377 ਸ਼ਰਧਾਲੂਆਂ ਨੇ ਯਾਤਰਾ ਲਈ ਰਜਿਸਟਰੇਸ਼ਨ ਕਰਵਾਈ ਹੈ, ਜਦੋਂ ਕਿ 4,800 ਤੋਂ ਵੱਧ ਯਾਤਰੀਆਂ ਨੇ ਪਹਿਲੇ ਦਿਨ ਦੇ ਦਰਸ਼ਨਾਂ ਲਈ ਰਜਿਸਟਰੇਸ਼ਨ ਕਰਵਾਈ ਹੈ।  ਜਾਣਕਾਰੀ ਮੁਤਾਬਕ 3,500 ਤੋਂ ਵੱਧ ਸ਼ਰਧਾਲੂ ਅੱਜ ਗੁਰਦੁਆਰਾ ਗੋਬਿੰਦ ਘਾਟ ਤੋਂ ਯਾਤਰਾ ਦੇ ਰਸਮੀ ਉਦਘਾਟਨ ਸਮੇਂ ਅਗਲੇ ਪੜਾਅ ਲਈ ਰਵਾਨਾ ਹੋ ਗਏ ਹਨ।

ਸ਼ਰਧਾ ਸਹਿਤ ਫੁੱਲਾਂ ਦੀ ਕੀਤੀ ਗਈ ਹੈ ਸਜਾਵਟ

ਇਸ ਵਾਰ ਸ੍ਰੀ ਹੇਮਕੁੰਟ ਸਾਹਿਬ, ਲੋਕਪਾਲ ਤੀਰਥ ਅਤੇ ਲੋਕਪਾਲ ਲਕਸ਼ਮਣ ਮੰਦਰ ਨੂੰ ਲਗਭਗ ਸੱਤ ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਤੋਂ ਇਲਾਵਾ, ਯਾਤਰਾ ਦੇ ਮੁੱਖ ਸਟਾਪਾਂ, ਘਾਂਗਰੀਆ ਅਤੇ ਗੁਰਦੁਆਰਾ ਗੋਬਿੰਦ ਘਾਟ ਨੂੰ ਵੀ ਦਿਲਕਸ਼ ਢੰਗ ਨਾਲ ਸਜਾਇਆ ਗਿਆ ਹੈ। ਲੰਗਰ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਵੀਡੀਓ: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦਾ ਮਨਮੋਹਕ ਦ੍ਰਿਸ਼

ਗੁਰਦੁਆਰਾ ਗੋਬਿੰਦ ਘਾਟ ਵਿਖੇ ਬਣਿਆ ਸ਼ਰਧਾ ਦਾ ਮਾਹੌਲ

ਸ਼ਨਿੱਚਰਵਾਰ ਨੂੰ ਯਾਤਰਾ ਦਾ ਪਹਿਲਾ ਜੱਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੜ੍ਹਵਾਲ ਸਕਾਊਟ ਬੈਂਡ ਅਤੇ ਪੰਜਾਬ ਦੇ ਹਰਿਕਿੰਦਰ ਸਿੰਘ ਤੇ ਸਤਨਾਮ ਸਿੰਘ ਦੇ ਬੈਂਡਾਂ ਦੀਆਂ ਸੁਰੀਲੀਆਂ ਧੁਨਾਂ ਵਿਚਕਾਰ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਲਈ ਰਵਾਨਾ ਹੋਇਆ। ਦੇਸ਼ ਦੇ ਹਰ ਕੋਨੇ ਤੋਂ ਸ਼ਰਧਾਲੂ ਗੁਰਦੁਆਰਾ ਗੋਬਿੰਦ ਘਾਟ ਵਿਖੇ ਪਹੁੰਚੇ ਹਨ, ਜਿਨ੍ਹਾਂ ਵਿੱਚੋਂ ਦਿੱਲੀ, ਪੰਜਾਬ, ਹਰਿਆਣਾ ਅਤੇ ਮਹਾਰਾਸ਼ਟਰ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਨ।

ਰਜਿਸਟਰੇਸ਼ਨ ਲਾਜ਼ਮੀ, ਪਰ ਗਿਣਤੀ ਸੀਮਤ ਨਹੀਂ

ਇਸ ਸਾਲ ਦੀ ਯਾਤਰਾ ਲਈ ਰਜਿਸਟਰੇਸ਼ਨ ਲਾਜ਼ਮੀ ਕੀਤੀ ਗਈ ਹੈ, ਪਰ ਸ਼ਰਧਾਲੂਆਂ ਦੀ ਗਿਣਤੀ ਸੀਮਤ ਨਹੀਂ ਕੀਤੀ ਗਈ ਹੈ। ਟਰੱਸਟ ਨੇ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਔਨਲਾਈਨ ਅਤੇ ਔਫਲਾਈਨ ਰਜਿਸਟਰੇਸ਼ਨ ਦੇ ਪ੍ਰਬੰਧ ਕੀਤੇ ਗਏ ਹਨ।

ਗੁਰਦੁਆਰਾ ਸ੍ਰੀ ਗੋਬਿੰਦ ਧਾਮ ਤੋਂ ਐਤਵਾਰ ਸਵੇਰੇ ਰਵਾਨਾ ਹੋਣਗੇ ਸ਼ਰਧਾਲੂ

ਸ਼ਰਧਾਲੂਆਂ ਦਾ ਪਹਿਲਾ ਜਥਾ ਐਤਵਾਰ ਸਵੇਰੇ 8:30 ਵਜੇ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ਦੇ ਪਵਿੱਤਰ ਦ੍ਰਿਸ਼ ਨੂੰ ਦੇਖਣ ਲਈ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸੁਕਤਾ ਪਾਈ ਜਾ ਰਹੀ ਹੈ।

ਦੱਸਣਯੋਗ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ 15,200 ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਤਪ ਸਥਾਨ ਮੰਨਿਆ ਜਾਂਦਾ ਹੈ।

Advertisement
×