ਚਰਨਜੀਤ ਭੁੱਲਰ
ਪੰਜਾਬ ਦੇ ਇਨ੍ਹਾਂ ਪਿੰਡਾਂ ਦਾ ਵੱਖਰਾ ਦੁਖਾਂਤ ਹੈ। ਕਦੇ ਮਾਨਸਾ ਦਾ ਪਿੰਡ ਮੂਸਾ ਖ਼ਾਮੋਸ਼ ਹੋਇਆ ਤੇ ਹੁਣ ਲੁਧਿਆਣਾ ਦਾ ਪਿੰਡ ਪੋਨਾ। ਜਦੋਂ ਪੰਜਾਬ ’ਚ ਕਾਲਾ ਦੌਰ ਸੀ, ਉਦੋਂ ਤਲਵੰਡੀ ਸਲੇਮ ਨੇ ਵੀ ਇਹੋ ਦੁੱਖ ਝੱਲਿਆ ਅਤੇ ਲੁਧਿਆਣਾ ਦੇ ਪਿੰਡ ਦੁੱਗਰੀ ਨੇ ਵੀ। ਪਿੰਡ ਪੋਨਾ ਦਾ ਨੌਜਵਾਨ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਨੂੰ ਅਲਵਿਦਾ ਆਖ ਗਿਆ। ਜਦੋਂ ਜੱਗ ਜੰਕਸ਼ਨ ਤੋਂ ਅੰਮਾ ਜਾਏ ਕੂਚ ਕਰਦੇ ਹਨ ਤਾਂ ਪੰਜਾਬ ਦੀਆਂ ਅੱਖ ’ਚ ਹੰਝੂਆਂ ਦਾ ਵਹਿਣਾ ਸੁਭਾਵਿਕ ਹੈ। ਪੰਜਾਬ ਦੇ ਕਿੰਨੇ ਹੀ ਫ਼ਨਕਾਰ ਹੋਣੀ ਤੋਂ ਹਾਰ ਗਏ। ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ’ਚ ਰਾਜਵੀਰ 12 ਦਿਨ ਜ਼ਿੰਦਗੀ ਦੀ ਜੰਗ ਲੜਦਾ ਰਿਹਾ। ਕਲਾਕਾਰ ਆਪਣੇ ਗਾਇਕ ਸਾਥੀ ਲਈ ਠੀਕਰੀ ਪਹਿਰੇ ਵਾਂਗ ਦਿਨ-ਰਾਤ ਜਾਗੇ, ਪਤਾ ਹੀ ਨਾ ਲੱਗਿਆ ਕਿ ਮੌਤ ਕਿਹੜੇ ਵੇਲੇ ਜ਼ਿੰਦਗੀ ਨੂੰ ਝਕਾਨੀ ਦੇ ਗਈ। 35 ਵਰ੍ਹਿਆਂ ਦੀ ਕਿਹੜੀ ਉਮਰ ਹੁੰਦੀ ਹੈ ਭਰਿਆ ਵਿਹੜਾ ਛੱਡਣ ਦੀ। ਮਾਂ ਪਰਮਜੀਤ ਕੌਰ ਨੂੰ ਘਰ ਦਾ ਕੋਨਾ-ਕੋਨਾ ਸੁੰਨਾ ਲੱਗੇਗਾ। ਰਾਜਵੀਰ ਜਵੰਦਾ ਦੇ ਗੀਤ ‘ਮਾਵਾਂ’ ਦੇ ਬੋਲ ਜ਼ਿੰਦਗੀ ਭਰ ਮਾਂ ਪਰਮਜੀਤ ਕੌਰ ਦੇ ਕਲੇਜੇ ਧੂਹ ਪਾਉਂਦੇ ਰਹਿਣਗੇ, ‘ਖਾਣਾ ਪੀਣਾ ਭੁੱਲ ਜਾਂਦੀਆਂ, ਪੁੱਤ ਮਰੇ ਨੀ ਭੁੱਲਦੀਆਂ ਮਾਵਾਂ’। ਪਿੰਡ ਪੋਨਾ ਅੱਜ ਖ਼ਾਮੋਸ਼ ਵੀ ਹੈ, ਉਦਾਸ ਵੀ ਹੈ, ਜਿਸ ਦੀ ਜੂਹ ਨੂੰ ਵੀ ਹੌਲ ਪੈਂਦੇ ਹੋਣਗੇ। ਕਲਮਾਂ ਤੇ ਹੇਕਾਂ ਦਾ ਜ਼ਿੰਦਗੀ ਹੱਥੋਂ ਹਾਰ ਜਾਣਾ ਕੋਈ ਨਵਾਂ ਨਹੀਂ ਹੈ। ਮਾਨਸਾ ਦਾ ਪਿੰਡ ਮੂਸਾ ਦੇ ਚੇਤਿਆਂ ’ਚ ਮੁੜ ਆਪਣਾ ਗਰਾਈਂ ਆਇਆ ਹੋਊ। 29 ਮਈ 2022 ਨੂੰ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਆਈ ਸੀ ਤਾਂ ਪੰਜਾਬ ਦੇ ਹਰ ਗਲੀ-ਮਹੱਲੇ ਤੋਂ ਇਹ ਮੌਤ ਝੱਲ ਨਹੀਂ ਸੀ ਹੋਈ। 28 ਵਰ੍ਹਿਆਂ ਦੀ ਉਮਰ ਹੀ ਮੂਸੇਵਾਲਾ ਦੇ ਹਿੱਸੇ ਆਈ। ਬੋਲਾਂ ਦੀ ਉਮਰ ਅਣਕਿਆਸੀ ਰਹੇਗੀ।
ਮੌਤ ਕਿਸੇ ਦੀ ਸਕੀ ਨਹੀਂ ਹੁੰਦੀ। ਹੱਸਦੇ-ਵੱਸਦੇ ਘਰ ਵੀਰਾਨ ਹੋ ਜਾਂਦੇ ਹਨ ਜਦੋਂ ਇਨ੍ਹਾਂ ਘਰਾਂ ਦੇ ਜਾਏ ਵਕਤੋਂ ਪਹਿਲਾਂ ਤੁਰ ਜਾਂਦੇ ਹਨ। ਲੁਧਿਆਣਾ ਦਾ ਦੁੱਗਰੀ ਪਿੰਡ ਵੀ ਇਹੋ ਸੰਤਾਪ ਭੋਗ ਚੁੱਕਾ ਹੈ। ਗਾਇਕ ਅਮਰ ਸਿੰਘ ਚਮਕੀਲਾ ਭਰ ਜਵਾਨੀ ’ਚ ਤੁਰ ਗਿਆ। ਕਾਲੇ ਦੌਰ ’ਚ 8 ਮਈ 1988 ਨੂੰ ਪਿੰਡ ਮਹਿਸਮਪੁਰ ’ਚ ਅਮਰ ਸਿੰਘ ਚਮਕੀਲਾ ਤੇ ਉਸ ਦੀ ਸਾਥਣ ਬੀਬਾ ਅਮਰਜੋਤ ਕੌਰ ਤੋਂ ਇਲਾਵਾ ਦੋ ਸਾਜ਼ਿੰਦਿਆ ਦਾ ਕਤਲ ਹੋ ਗਿਆ ਸੀ। ਚਮਕੀਲੇ ਦੀ ਗਾਇਕੀ ਦਾ ਪੱਧਰ ਵੱਖਰਾ ਸੁਆਲ ਹੈ, ਉਸ ਦੀ ਮਕਬੂਲੀਅਤ ਦੀ ਗਵਾਹੀ ਪੇਂਡੂ ਪੰਜਾਬ ਦਾ ਹਰ ਕੋਨਾ ਭਰਦਾ ਰਿਹਾ ਹੈ। ਅਮਰ ਸਿੰਘ ਚਮਕੀਲਾ ਉਰਫ਼ ਧਨੀ ਰਾਮ ਨਾਲ ਜ਼ਿੰਦਗੀ ਨੇ ਕੰਜੂਸੀ ਵਰਤੀ। ਫ਼ਨਕਾਰ ਸਭ ਦੇ ਸਾਂਝੇ ਹੁੰਦੇ ਹਨ। ਦੋ ਦਰਜਨ ਮਕਬੂਲ ਫ਼ਿਲਮਾਂ ਦੇਣ ਵਾਲੇ ਵਰਿੰਦਰ ਦਾ 6 ਦਸੰਬਰ 1988 ਨੂੰ ਤਲਵੰਡੀ ਕਲਾਂ ’ਚ ਉਸ ਵਕਤ ਕਤਲ ਹੋਇਆ ਜਦੋਂ ਉਹ ਫਿਲਮ ‘ਜੱਟ ਤੇ ਜ਼ਮੀਨ’ ਦੀ ਸ਼ੂਟਿੰਗ ਕਰ ਰਿਹਾ ਸੀ। ਇੱਕ ਦੌਰ ਸ਼ਿਵ ਕੁਮਾਰ ਬਟਾਲਵੀ ਦਾ ਸੀ। ਉਸ ਨੇ ਲਿਖਿਆ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’, 36 ਵਰ੍ਹਿਆਂ ਦੀ ਉਮਰ ’ਚ ਹੀ ਜਹਾਨੋਂ ਚਲਾ ਗਿਆ। ਇੱਕ ਕਾਲਾ ਦੌਰ ਸੀ, ਜਿਸ ਨੇ ਇਨਕਲਾਬੀ ਕਵੀ ਅਵਤਾਰ ਸਿੰਘ ਸੰਧੂ ਉਰਫ਼ ਪਾਸ਼ ਨੂੰ 23 ਮਾਰਚ 1988 ਨੂੰ ਪੰਜਾਬ ਕੋਲੋਂ ਸਦਾ ਲਈ ਖੋਹ ਲਿਆ ਸੀ। ਉਹ 38 ਸਾਲ ਭਰ ਜ਼ਿੰਦਗੀ ਕਲਮ ਵਾਹੁੰਦਾ ਰਿਹਾ। ਉਸ ਦੀ ਲਿਖਤ ਉਮਰਾਂ ਤੋਂ ਲਮੇਰੀ ਹੈ। ਰਚਨਾ ਕਦੇ ਕਤਲ ਨਹੀਂ ਹੁੰਦੀ, ਸਦੀਵੀਂ ਰਹਿੰਦੀ ਹੈ। ਇੱਕ ਯੁੱਗ ਗਾਇਕ ਦਿਲਸ਼ਾਦ ਅਖ਼ਤਰ ਦਾ ਸੀ, ਜਦੋਂ ਤਿੰਨ ਦਹਾਕੇ ਦੀ ਉਮਰ ਭੋਗ ਕੇ ਜਹਾਨੋਂ ਗਿਆ ਤਾਂ ਮੁਕਤਸਰ ਦਾ ਪਿੰਡ ਗਿਲਜੇਵਾਲਾ ਵੀ ਉਦਾਸ ਹੋਇਆ ਸੀ, ਜਿਵੇਂ ਅੱਜ ਪਿੰਡ ਪੋਨਾ ਹੋਇਆ ਹੈ। 28 ਜਨਵਰੀ 1996 ਨੂੰ ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਦੇ ਇੱਕ ਵਿਆਹ ਸਮਾਗਮ ’ਚ ਪੁਲੀਸ ਦੇ ਸ਼ਰਾਬੀ ਡੀ ਐੱਸ ਪੀ ਨੇ ਦਿਲਸ਼ਾਦ ਅਖ਼ਤਰ ਨੂੰ ਏਕੇ-47 ਦੀ ਬੁਛਾੜ ਨਾਲ ਕਤਲ ਕਰ ਦਿੱਤਾ ਸੀ। ਡੀ ਐੱਸ ਪੀ ਦੀ ਜ਼ਿਦ ਸੀ ਕਿ ਦਿਲਸ਼ਾਦ ਹੰਸ ਰਾਜ ਹੰਸ ਦਾ ਗੀਤ ‘ਨੱਚੀ ਜੋ ਸਾਡੇ ਨਾਲ’ ਸੁਣਾਵੇ। ਦਿਲਸ਼ਾਦ ਦਾ ਅਸੂਲ ਸੀ ਕਿ ਉਹ ਕਿਸੇ ਹੋਰ ਗਾਇਕ ਦਾ ਗੀਤ ਨਹੀਂ ਸੀ ਗਾਉਂਦਾ। ਇਨ੍ਹਾਂ ਅਸੂਲਾਂ ’ਤੇ ਹੀ ਡੀ ਐੱਸ ਪੀ ਦੀ ਜ਼ਿਦ ਨੇ ਵਾਰ ਕੀਤਾ। ਦਿਲਾਂ ’ਤੇ ਰਾਜ ਕਰਨ ਵਾਲਿਆਂ ਦੀ ਅਰਥੀ ਪਿਛਲਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੋਬਨ ਰੁੱਤੇ ਤੁਰ ਜਾਣ ਵਾਲੇ, ਆਮ ਨਹੀਓਂ ਹੁੰਦੇ।