ਸੰਯੁਕਤ ਕਿਸਾਨ ਮੋਰਚਾ ਵੱਲੋਂ ਡੀ ਸੀ ਦਫਤਰ ਅੱਗੇ ਧਰਨਾ
ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਮਾਨ ਨੂੰ ਭੇਜੇ ਮੰਗ ਪੱਤਰ; ਹੜ੍ਹਾਂ ਦੇ ਕਾਰਨਾਂ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾੳੁਣ ਦੀ ਮੰਗ
ਕੇਂਦਰ ਅਤੇ ਪੰਜਾਬ ਸਰਕਾਰ ’ਤੇ ਹੜ੍ਹਾਂ ਦੌਰਾਨ ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਅਤੇ ਇਸ ਵਾਰ ਦੇ ਹੜ੍ਹਾਂ ਪਿੱਛੇ ਹਕੂਮਤਾਂ ਦੀ ਲਾਪ੍ਰਵਾਹੀ ਹੋਣ ਦੇ ਦੋਸ਼ ਲਾਉਂਦਿਆਂ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵੱਲੋਂ ਅੱਜ ਦੋਵਾਂ ਹਕੂਮਤਾਂ ਖਿਲਾਫ਼ ਇਥੇ ਡੀ.ਸੀ ਦਫਤਰ ਦੇ ਬਾਹਰ ਧਰਨਾ ਦੇ ਕੇ ਰੋਸ ਪ੍ਰ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਡੀ.ਸੀ ਦਫਤਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਵੀ ਭੇਜ ਕੇ ਜਿਥੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ, ਕਿਸਾਨਾਂ ਮਜਦੂਰਾਂ ਅਤੇ ਹੋਰ ਵਰਗਾਂ ਲਈ ਢੁਕਵੀਂ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ, ਉਥੇ ਹੀ ਭਾਰੀ ਤਬਾਹੀ ਦਾ ਕਾਰਨ ਬਣੇ ਐਤਕੀਂ ਦੇ ਹੜ੍ਹਾਂ ਦੇ ਕਾਰਨਾਂ ਦੀ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਕੋਲ਼ੋਂ ਜਾਂਚ ਕਰਵਾਉਣ ’ਤੇ ਵੀ ਜ਼ੋਰ ਦਿੱਤਾ ਗਿਆ।
ਅੱਜ ਇਸ ਧਰਨੇ ’ਚ ਸੰਯੁਕਤ ਕਿਸਾਨ ਮੋਰਚੇ ਅਧੀਨ ਆਉਂਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਆਮ ਕਿਸਾਨਾਂ ਅਤੇ ਆਮ ਲੋਕਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਬੂਟਾ ਸਿੰਘ ਸ਼ਾਦੀਪੁਰ, ਗੁਰਮੀਤ ਦਿੱਤੂਪੁਰ, ਧਰਮਪਾਲ ਸੀਲ, ਰਾਮਿੰਦਰ ਪਟਿਆਲਾ, ਬਲਰਾਜ ਜੋਸ਼ੀ, ਦਲਜਿੰਦਰ ਆਲੋਵਾਲ, ਦਵਿੰਦਰ ਪੂਨੀਆ, ਜਗਮੇਲ ਸੁੱਧੇਵਾਲ, ਗੁਲਜ਼ਾਰ ਸਿੰਘ , ਹਰਭਜਨ ਸਿੰਘ ਬੁੱਟਰ, ਅਮਰਜੀਤ ਸਿੰਘ, ਪਵਨ ਸ਼ੋਗਲਪੁਰ, ਰਾਜਿੰਦਰ ਸਿੰਘ , ਜਸਵਿੰਦਰ ਬਰਾਸ, ਚਰਨਜੀਤ ਕੌਰ ਝੂੰਗੀਆਂ, ਜਸਬੀਰ ਖੇੜੀ ਤੇ ਜਗਪਾਲ ਸਿੰਘ ਊਧਾ ਸਮੇਤ ਹੋਰਨਾਂ ਨੇ ਵੀ ਸ਼ਿਰਕਤ ਕੀਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਹੜ੍ਹ ਪੀੜਤਾਂ ਲਈ ਉਚਿਤ ਮੁਆਵਜ਼ਾ ਦੇ ਕੇ ਫੌਰੀ ਰਾਹਤ ਦਿੱਤੀ ਜਾਵੇ। ਖਾਸ ਤੌਰ ’ਤੇ ਤਬਾਹ ਹੋਈਆਂ ਫਸਲਾਂ ਲਈ ਪ੍ਰਤੀ ਏਕੜ ਸੱਤਰ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ 10 ਫੀਸਦੀ ਮਜ਼ਦੂਰਾਂ ਲਈ ਵੀ ਮੁਆਵਜ਼ੇ ਦੀ ਵਿਵਸਥਾ ਕਰਨ ’ਤੇ ਜ਼ੋਰ ਦਿਤਾ ਗਿਆ। ਇਸ ਮੌਕੇ ਹਜੂਰਾ ਸਿੰਘ ਛਾਬਲ, ਗੁਰਮੀਤ ਸਿੰਘ, ਹਰੀ ਸਿੰਘ, ਹਰਬੰਸ ਦਦਹੇੜਾ, ਜਸਮਿੰਦਰ ਬਾਰਨ, ਜਸਦੇਵ ਨੂਗੀ, ਰਾਣਾ ਨਿਰਮਾਣ, ਡਾ. ਬਲਬੀਰ ਭੱਟਮਾਜਰਾ, ਸੁਖਦੇਵ ਕਾਲਵਾ ਆਦਿ ਵੀ ਹਾਜਰ ਰਹੇ। ਅਖੀਰ ਵਿਚ ਗੁਰਮੀਤ ਸਿੰਘ ਦਿੱਤੂਪੁਰ ਨੇ ਸਾਰਿਆਂ ਦਾ ਧੰਨਵਾਦ ਕੀਤਾ । ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਲਰਾਜ ਜੋਸ਼ੀ ਨੇ ਨਿਭਾਈ ।