ਸੰਯੁਕਤ ਕਿਸਾਨ ਮੋਰਚੇ ਨੇ ਸੈਂਕੜੇ ਥਾਵਾਂ ’ਤੇ ਮੋਦੀ ਤੇ ਟਰੰਪ ਦੇ ਪੁਤਲੇ ਸਾੜੇ
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਨੇ ਅਮਰੀਕਾ ਤੇ ਭਾਰਤ ਵਿਚਕਾਰ ਹੋਣ ਵਾਲੇ ਟੈਕਸ ਮੁਕਤ ਵਪਾਰ ਸਮਝੌਤਿਆਂ ਖ਼ਿਲਾਫ਼ ਅੱਜ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ। ਇਸ ਦੌਰਾਨ ਐੱਸਕੇਐੱਮ ਦੀ ਪੰਜਾਬ ਇਕਾਈ ਵੱਲੋਂ ਵੀ ਪੰਜਾਬ ਭਰ ਵਿੱਚ ਸੈਂਕੜੇ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ। ਇਸ ਬਾਰੇ ਐੱਸਕੇਐੱਮ ਆਗੂ ਬਲਬੀਰ ਸਿੰਘ ਰਾਜੇਵਾਲ, ਰਾਮਿੰਦਰ ਸਿੰਘ ਪਟਿਆਲਾ ਅਤੇ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਵੱਡੀਆਂ ਆਰਥਿਕ ਤਾਕਤਾਂ, ਵਿਸ਼ੇਸ਼ ਕਰਕੇ ਅਮਰੀਕਨ ਸਾਮਰਾਜ ਵੱਲੋਂ ਭਾਰਤ ਸਰਕਾਰ ਤੇ ਖੇਤੀ, ਪੋਲਟਰੀ, ਡੇਅਰੀ ਅਤੇ ਖੇਤੀ ਦੇ ਹੋਰ ਸਹਾਇਕ ਖੇਤਰਾਂ ਨੂੰ ਮੁਕਤ ਵਪਾਰ ਸਮਝੌਤਿਆਂ ਅਧੀਨ ਲਿਆਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਸਰਕਾਰ ਕਿਸੇ ਵੀ ਤਰ੍ਹਾਂ ਅਮਰੀਕਨ ਦਬਾਅ ਹੇਠ ਆਉਂਦੀ ਹੈ ਤਾਂ ਭਾਰਤ ਦੇ 60 ਕਰੋੜ ਆਮ ਕਿਸਾਨਾਂ ਨੂੰ ਮੁਕਾਬਲੇ ਲਈ ਅਮਰੀਕਾ ਦੇ ਕਾਰਪੋਰੇਟਾਂ ਅੱਗੇ ਸੁੱਟ ਦਿੱਤਾ ਜਾਵੇਗਾ। ਅਮਰੀਕਾ ਵਿੱਚ ਪ੍ਰਤੀ ਕਿਸਾਨ ਔਸਤਨ 418 ਏਕੜ ਅਤੇ ਆਸਟਰੇਲੀਆ ਵਿੱਚ ਪ੍ਰਤੀ ਕਿਸਾਨ 2,300 ਏਕੜ ਜ਼ਮੀਨ ਹੈ ਜਦੋਂਕਿ ਭਾਰਤ ਵਿੱਚ ਇਹ ਔਸਤ ਸਿਰਫ ਢਾਈ ਏਕੜ ਹੈ। ਸਾਮਰਾਜੀ ਦੇਸ਼ਾਂ ਵੱਲੋਂ ਅਨਾਜ ਦੁੱਧ ਅਤੇ ਪੋਲਟਰੀ ਵਸਤਾਂ ਨੂੰ ਸਸਤੇ ਭਾਅ ’ਤੇ ਭਾਰਤੀ ਮੰਡੀ ਵਿੱਚ ਸੁੱਟ ਕੇ ਏਕਾਧਿਕਾਰ ਕਾਇਮ ਕਰ ਲਿਆ ਜਾਵੇਗਾ। ਇਹ ਦੇਸ਼ ਦੀ ਅੰਨ ਸੁਰੱਖਿਆ ਦੇ ਨਾਲ ਨਾਲ ਖੇਤੀ ਕਿੱਤਾ ਅਤੇ ਹੋਰ ਸਹਾਇਕ ਧੰਦਿਆਂ ਨੂੰ ਤਬਾਹ ਕਰ ਦੇਵੇਗਾ। ਇਸ ਨਾਲ ਸਾਮਰਾਜੀ ਦੇਸ਼ ਮਨਮਾਨੀਆਂ ਕਰਕੇ ਦੇਸ਼ ਦੇ ਲੋਕਾਂ ਦੀ ਅੰਨ੍ਹੀ ਲੁੱਟ ਕਰਨਗੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਜੇ ਭਾਰਤ ਸਰਕਾਰ ਵੱਲੋਂ ਅਮਰੀਕਾਂ ਨਾਲ ਇਹ ਟੈਕਸ ਮੁਕਤ ਵਪਾਰ ਸਮਝੌਤੇ ਕੀਤੇ ਗਏ ਤਾਂ ਮੋਰਚੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।