ਥਰਮਲ ਪਲਾਂਟ ਰੂਪਨਗਰ ਦਾ ਪੰਜ ਨੰਬਰ ਯੂਨਿਟ ਬੰਦ
ਜਗਮੋਹਨ ਸਿੰਘ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਭਾਰੀ ਜੁਰਮਾਨਾ ਕਰਨ ਉਪਰੰਤ ਚਰਚਾ ਦਾ ਵਿਸ਼ਾ ਬਣੇ ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ 5 ਨੰਬਰ ਯੂਨਿਟ ਅੱਜ ਸ਼ਾਮ ਸਵਾ ਸੱਤ ਵਜੇ ਦੇ ਕਰੀਬ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਬੰਦ ਹੋ ਗਿਆ। ਥਰਮਲ ਪਲਾਂਟ ਦੇ ਇੰਜਨੀਅਰਾਂ ਦੀ ਟੀਮ ਨੇ ਕੁੱਝ ਕੁ ਸਮੇਂ ਵਿੱਚ ਭਾਵੇਂ ਨੁਕਸ ਦੂਰ ਕਰਕੇ ਯੂਨਿਟ ਨੂੰ ਚਾਲੂ ਕਰ ਦਿੱਤਾ ਪਰ ਖ਼ਬਰ ਲਿਖੇ ਜਾਣ ਤੱਕ ਬੰਦ ਹੋਏ ਯੂਨਿਟ ਦਾ ਬਿਜਲੀ ਉਤਪਾਦਨ ਮੁੜ ਚਾਲੂ ਨਹੀਂ ਸੀ ਹੋ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਰੂਪਨਗਰ ਦੇ 840 ਮੈਗਾਵਾਟ ਪੈਦਾਵਾਰ ਸਮਰੱਥਾ ਵਾਲੇ ਚਾਰ ਯੂਨਿਟਾਂ ਵੱਲੋਂ ਸੂਬੇ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਅੱਜ ਬਾਅਦ ਦੁਪਹਿਰ ਤੱਕ ਇਸ ਦੇ ਚਾਰੇ ਯੂਨਿਟਾਂ ਵੱਲੋਂ ਲਗਪਗ 700 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ ਤੇ 5 ਨੰਬਰ ਯੂਨਿਟ ਬੰਦ ਹੋਣ ਉਪਰੰਤ ਬਿਜਲੀ ਪੈਦਾਵਾਰ ਘਟ ਕੇ 580 ਮੈਗਾਵਾਟ ਦੇ ਲਗਪਗ ਰਹਿ ਗਈ। ਖ਼ਬਰ ਲਿਖੇ ਜਾਣ ਸਮੇਂ ਯੂਨਿਟ ਨੰਬਰ 3 ਵੱਲੋਂ 168, ਯੂਨਿਟ ਨੰਬਰ 4 ਵੱਲੋਂ 169 ਤੇ ਯੂਨਿਟ ਨੰਬਰ 6 ਵੱਲੋਂ 168 ਯੂਨਿਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਉੱਧਰ, ਥਰਮਲ ਪਲਾਂਟ ਦੇ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਰਮਲ ਪਲਾਂਟ ਰੂਪਨਗਰ ਵਿੱਚ ਹਾਲੇ 28 ਦਿਨਾਂ ਲਈ ਕੋਇਲੇ ਦਾ ਸਟਾਕ ਪਿਆ ਹੈ, ਜਿਸ ਕਰਕੇ ਪ੍ਰਦੂਸ਼ਣ ਵਿਭਾਗ ਵੱਲੋਂ ਸਹਿਮਤੀ ਵਾਪਸ ਲੈਣ ਕਾਰਨ ਕੋਇਲੇ ਦੀ ਸਪਲਾਈ ਰੁਕਣ ਦੇ ਬਾਵਜੂਦ ਥਰਮਲ ਪਲਾਂਟ ਦੇ ਚਾਰੇ ਯੂਨਿਟ ਹਾਲੇ ਲਗਪਗ 28 ਦਿਨਾਂ ਤੱਕ ਚਾਲੂ ਰਹਿਣ ਦੀ ਸੰਭਾਵਨਾ ਹੈ। ਥਰਮਲ ਪਲਾਂਟ ਦੇ ਅਧਿਕਾਰੀ ਪ੍ਰਦੂਸ਼ਣ ਵਿਭਾਗ ਦੇ ਫੈਸਲੇ ਨੂੰ ਰੱਦ ਕਰਵਾਉਣ ਵਿੱਚ ਜੁਟ ਗਏ ਹਨ।